ਗਗਨਦੀਪ ਅਰੋੜਾ
ਲੁਧਿਆਣਾ, 22 ਜੂਨ
ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮਖਿਆ ਕਰਦਿਆਂ ਕੰਮ ਵਿੱਚ ਦੇਰ ਲਈ ਲਈ ਅਫਸਰਾਂ ਦੀ ਕਲਾਸ ਲਾਈ ਹੈ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਦਿਆਂ ਇਸ ਦੀ ਸ਼ਾਨ ਨੂੰ ਬਹਾਲ ਕਰਨ ਲਈ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਪੀਐੱਮਆਈਡੀਸੀ ਦੀ ਸੀਈਓ ਈਸ਼ਾ ਕਾਲੀਆ, ਕਮਿਸ਼ਨਰ ਨਗਰ ਨਿਗਮ ਡਾਕਟਰ ਸ਼ੇਨਾ ਅਗਰਵਾਲ ਦੇ ਨਾਲ ਅੱਜ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਬੁੱਢੇ ਨਾਲਾ ਸੁੰਦਰੀਕਰਨ ਪ੍ਰਾਜੈਕਟ ਨਾਲ ਸਬੰਧਤ ਕਾਰਜਾਂ ਨੂੰ ਨਿਰਧਾਰਤ ਸਮਾਂ ਹੱਦ ’ਚ ਪੁੂਰਾ ਕੀਤਾ ਜਾਵੇ।
ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਂਦਿਆਂ ਵਿਧਾਇਕ, ਸੀਈਓ ਤੇ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੁੱਢਾ ਦਰਿਆ ਦੇ ਨਾਲ-ਨਾਲ ਸੀਵਰੇਜ ਪਾਈਪ ਲਾਈਨਾਂ ਵਿਛਾਉਣ, ਦੋ ਸੀਵਰੇਜ ਟਰੀਟਮੈਂਟ ਪਲਾਂਟ, ਇੰਟਰਮੀਡੀਅਟ ਪੰਪਿੰਗ ਸਟੇਸ਼ਨ, ਦੋ ਐਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਮੌਜੂਦਾ ਐਸਟੀਪੀਜ਼ ਨੂੰ ਅਪਗ੍ਰੇਡ ਕਰਨ ਸਮੇਤ ਵੱਖ-ਵੱਖ ਕੰਮ ਚੱਲ ਰਹੇ ਹਨ ਤਾਂ ਜੋ ਦਰਿਆ ਵਿੱਚ ਵਗਦੇ ਗੰਦੇ ਪਾਣੀ ਦੇ ਬਹਾਅ ’ਤੇ ਨਕੇਲ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਬੁੱਢਾ ਦਰਿਆ ਵਿੱਚ ਗੰਦੇ ਪਾਣੀ ਦਾ ਦਖਲ ਰੋਕਦਿਆਂ, ਇਸ ਪਾਣੀ ਨੂੰ ਨੇੜਲੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਭੇਜਣਾ ਤੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ। ਵਿਧਾਇਕ ਸੀਈਓ ਅਤੇ ਨਿਗਮ ਕਮਿਸ਼ਨਰ ਨੇ ਮੌਜੂਦਾ ਸਮੇਂ ਨਾਲੇ ਵਿੱਚ ਪੈਂਦੇ ਕਿਸੇ ਵੀ ਤਰ੍ਹਾਂ ਦੇ ਗੰਦੇ ਪਾਣੀ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸਿਰਫ ਟਰੀਟ ਕੀਤੇ ਪਾਣੀ ਦੇ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰਾਜੈਕਟ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਨੇਪਰੇ ਚਾੜ੍ਹਨ ਲਈ ਚੱਲ ਰਹੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਦੌਰਾਨ ਉਨ੍ਹਾਂ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਸਥਿਤ ਬਾਇਓ-ਗੈਸ ਪਲਾਂਟ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਡੇਅਰੀ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾ ਕੇ ਇਸ ਪਲਾਂਟ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਆਖਿਆ। ਵਿਧਾਇਕ ਨੇ ਕਿਹਾ ਕਿ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ ਨੂੰ 31 ਮਾਰਚ ਤੱਕ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਜੋਂ ਲੋਕਾਂ ਲਈ ਸਮਰਪਿਤ ਕੀਤਾ ਜਾਵੇ।
ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਅੱਪਗ੍ਰੇਡ ਕਰਨ ਦੀ ਅਪੀਲ
ਸੀਈਓ ਪੀਐੱਮਡੀਆਈਸੀ ਈਸ਼ਾ ਕਾਲੀਆ ਵੱਲੋਂ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਨਾਲ ਆਈਸੀਸੀਸੀ (ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ) ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਪਗ੍ਰੇਡ ਕਰਨ ਲਈ ਕਿਹਾ ਤਾਂ ਜੋ ਇਸ ਸਿਸਟਮ ਦੁਆਰਾ ਕੂੜਾ ਕਰਕਟ ਦੇ ਪ੍ਰਬੰਧਨ ਵਰਗੇ ਹੋਰ ਨਗਰ ਨਿਗਮ ਨਾਲ ਸਬੰਧਤ ਕੰਮਾਂ ਦੀ ਨਿਗਰਾਨੀ ਕੀਤੀ ਜਾ ਸਕੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੂੜਾ ਕਰਕਟ ਦੇ ਨਬਿੇੜੇ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਲਗਭਗ 200 ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।