ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਕਾਲਜ ਰੋਡ ਸਿਵਲ ਲਾਈਨ ਸਥਿਤ ਡਰਾਈਵਿੰਗ ਟੈਸਟ ਸੈਂਟਰ ’ਤੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਛਾਪਾ ਮਾਰਿਆ। ਇਸ ਦੌਰਾਨ ਲੋਕਾਂ ਦਾ ਸ਼ਿਕਾਇਤ ਮਿਲ ਰਹੀ ਸੀ ਕਿ ਡਰਾਈਵਿੰਗ ਟੈਸਟ ਟਰੈਕ ਦੇ ਕੈਮਰੇ ਤਿੰਨ ਦਿਨਾਂ ਦੇ ਬੰਦ ਪਏ ਹਨ, ਜਿਸ ਕਰ ਕੇ ਪੱਕੇ ਲਾਇਸੈਂਸ ਨਹੀਂ ਬਣ ਰਹੇ। ਰੋਜ਼ਾਨਾ ਇੱਥੇ 80 ਦੇ ਕਰੀਬ ਟੈਸਟ ਹੁੰਦੇ ਸਨ, ਜੋਕਿ ਨਹੀਂ ਹੋ ਰਹੇ। ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ। ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਧਾਇਕ ਗੋਗੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਮੌਸਮ ਖਰਾਬ ਹੋਣ ਕਾਰਨ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਕੈਮਰੇ ਖਰਾਬ ਹੋ ਗਏ, ਜਿਸ ਤੋਂ ਬਾਅਦ ਅੱਜ ਤੱਕ ਕੈਮਰੇ ਖ਼ਰਾਬ ਹੀ ਹਨ। ਵਿਧਾਇਕ ਗੋਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦਾ ਸ਼ਿਕਾਇਤ ਮਿਲ ਰਹੀ ਸੀ ਕਿ ਸ਼ੁੱਕਰਵਾਰ ਤੋਂ ਇਸ ਡਰਾਈਵਿੰਗ ਟੈਸਟ ਟਰੈਕ ’ਤੇ ਕੈਮਰੇ ਨਹੀਂ ਚੱਲ ਰਹੇ। ਇਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟਰੈਕ ’ਤੇ ਰੋਜ਼ਾਨਾ 80 ਤੋਂ ਵੱਧ ਟੈਸਟ ਹੁੰਦੇ ਹਨ, ਪਰ ਕੈਮਰੇ ਖ਼ਰਾਬ ਹੋਣ ਕਾਰਨ ਜਨਤਾ ਪ੍ਰੇਸ਼ਾਨ ਹੋ ਕੇ ਰੋਜ਼ਾਨਾ ਵਾਪਸ ਜਾ ਰਹੀ ਹੈ। ਪਰ ਲੋਕਾਂ ਦਾ ਕੋਈ ਸੁਣਵਾਈ ਨਹੀਂ ਹੋ ਰਹੀ। ਮੌਕੇ ’ਤੇ ਪੁੱਜੇ ਵਿਧਾਇਕ ਗੋਗੀ ਨੂੰ ਕਾਫ਼ੀ ਗਿਣਤੀ ਵਿੱਚ ਲੋਕਾਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਲੋਕ ਪ੍ਰੇਸ਼ਾਨ ਹੁੰਦੇ ਹਨ। ਇਹ ਵੱਡਾ ਟਰੈਕ ਹੋਣ ਕਾਰਨ ਪੂਰੇ ਜ਼ਿਲ੍ਹੇ ਤੋਂ ਲੋਕ ਇੱਥੇ ਟੈਸਟ ਦੇਣ ਆਉਂਦੇ ਹਨ। ਪਰ ਸ਼ੁੱਕਰਵਾਰ ਤੋਂ ਹੁਣ ਤੱਕ ਕੈਮਰੇ ਠੀਕ ਨਹੀਂ ਹੋਏ ਹਨ। ਇਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਵਿਧਾਇਕ ਗੋਗੀ ਨੇ ਮੌਕੇ ਤੋਂ ਹੀ ਖੜ੍ਹੇ ਹੋ ਕੇ ਅਧਿਕਾਰੀਆਂ ਫੋਨ ਕੀਤਾ ਤੇ ਮੌਕੇ ’ਤੇ ਜ਼ਿੰਮੇਵਾਰ ਅਫ਼ਸਰਾਂ ਦੀ ਕਲਾਸ ਵੀ ਲਗਾਈ। ਡਰਾਈਵਿੰਗ ਟੈਸਟ ਟਰੈਕ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਤੇਜ਼ ਮੀਂਹ ਤੇ ਹਨ੍ਹੇਰੀ ਕਾਰਨ ਕੁਝ ਕੈਮਰੇ ਖ਼ਰਾਬ ਹੋ ਗਏ ਹਨ, ਜੋ ਕਿ ਇੱਕ ਖਾਸ ਕੰਪਨੀ ਤੋਂ ਆਉਂਦੇ ਹਨ, ਜਿਹੜੇ ਕੈਮਰੇ ਠੀਕ ਹੋ ਸਕਦੇ ਸਨ ਉਹ ਠੀਕ ਕਰਵਾਏ ਜਾ ਰਹੇ ਹਨ ਤੇ ਜੋ ਕੈਮਰੇ ਬਿਲਕੁਲ ਖ਼ਰਾਬ ਹੋ ਗਏ ਹਨ ਉਨ੍ਹਾਂ ਦੇ ਬਦਲੇ ਨਵੇਂ ਕੈਮਰੇ ਚੰਡੀਗੜ੍ਹ ਤੋਂ ਮੰਗਵਾਏ ਜਾ ਰਹੇ ਹਨ।