ਦੇਵਿੰਦਰ ਸਿੰਘ ਜੱਗੀ
ਪਾਇਲ, 15 ਮਾਰਚ
ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿਚ ਹਲਕਾ ਪਾਇਲ ਦੇ ਸਮੂਹ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਐੱਸਡੀਐੱਮ ਪਾਇਲ ਦੀਪਜੋਤ ਕੌਰ ਦੀ ਅਗਵਾਈ ਹੇਠ ਹੋਈ। ਇਸ ਵਿੱਚ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਸਮੇਂ ਵਿਧਾਇਕ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਸਖ਼ਤ ਹਦਾਇਤਾਂ ਕੀਤੀਆਂ ਕਿ ਦਫ਼ਤਰਾਂ ਵਿਚ ਲੋਕਾਂ ਦੇ ਕੰਮ ਬਿਨਾਂ ਕਿਸੇ ਭੇਦ-ਭਾਵ ਤੇ ਬਿਨਾਂ ਪੱਖਪਾਤ ਤੋਂ ਕੀਤੇ ਜਾਣ। ਦਫ਼ਤਰਾਂ ਵਿੱਚ ਲੋਕਾਂ ਨੂੰ ਮਾਣ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਤਨਖ਼ਾਹ ਮਿਲ ਰਹੀ ਹੈ, ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਸਮੇਂ ਐੱਸਡੀਐੱਮ ਪਾਇਲ ਦੀਪਜੋਤ ਕੌਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਅਦਾਰੇ ਵਿੱਚ ਕਿਸੇ ਵੀ ਬੰਦੇ ਦਾ ਕੋਈ ਕੰਮ ਰੁਕਣਾ ਨਹੀਂ ਚਾਹੀਦਾ। ਹਰ ਕੰਮ ਬਿਨਾਂ ਦੇਰੀ ਦੇ ਕੀਤਾ ਜਾਵੇ। ਇਸ ਸਮੇਂ ਵਿਧਾਇਕ ਗਿਆਸਪੁਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਕਿਹਾ।
ਇਸ ਮੌਕੇ ਗੁਰਦਰਸ਼ਨ ਸਿੰਘ ਕੂਹਲੀ, ਆੜਤੀ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਲਖਵੀਰ ਸਿੰਘ ਔਜਲਾ, ਬੂਟਾ ਸਿੰਘ ਰਾਣੋਂ, ਪ੍ਰਧਾਨ ਹਰਭਜਨ ਸਿੰਘ ਧਮੋਟ, ਦਲਜੀਤ ਸਿੰਘ ਕਾਲੀ ਆਦਿ ਤੋਂ ‘ਆਪ’ ਦੇ ਹੋਰ ਆਗੂ ਇਲਾਵਾ ਵੱਖ-ਵੱਖ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਸਨ।