ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਮਈ
ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਪਿੰਡ ਮਾਨਗੜ੍ਹ ਵਿੱਚ ਟੋਭੇ ’ਚ ਡੁੱਬ ਕੇ ਮਰੇ 5 ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਜੋ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤੀ ਗਈ ਹੈ ਉਹ ਬਹੁਤ ਘੱਟ ਹੈ, ਜਿਸ ਨੂੰ ਵਧਾ ਕੇ ਘੱਟੋ-ਘੱਟ 5-5 ਲੱਖ ਰੁਪਏ ਕੀਤਾ ਜਾਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ 5 ਡੁੱਬਦੇ ਬੱਚਿਆਂ ਨੂੰ ਬਚਾਉਣ ਲਈ ਟੋਭੇ ’ਚ ਉੱਤਰਿਆ ਨੌਜਵਾਨ ਰਾਹੁਲ ਵੀ ਆਪਣੀ ਜਾਨ ਗੁਆ ਬੈਠਾ, ਜਿਸ ਨੂੰ ਸਰਕਾਰ ਵੱਧ ਤੋਂ ਵੱਧ ਆਰਥਿਕ ਸਹਾਇਤਾ ਅਤੇ ਪਰਿਵਾਰ ਲਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਜਿਸ ਲਈ ਸਰਕਾਰ ਪਿੰਡਾਂ ਦੇ ਟੋਭਿਆਂ ਦੀ ਚਾਰਦਿਵਾਰੀ ਜਾਂ ਤਾਰ ਲਗਾ ਕੇ ਸੁਰੱਖਿਆ ਘੇਰਾ ਬਣਾਵੇ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦੇ ਧਿਆਨ ਵਿਚ ਇਹ ਮੁੱਦਾ ਜ਼ਰੂਰ ਲਿਆਉਣਗੇ ਕਿ ਇੱਕ ਤਾਂ ਪੀੜਤ ਪਰਿਵਾਰਾਂ ਨੂੰ ਵੱਧ ਆਰਥਿਕ ਸਹਾਇਤਾ ਅਤੇ ਟੋਭਿਆਂ ਦੀ ਚਾਰਦਿਵਾਰੀ ਲਈ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ।