ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਨਵੰਬਰ
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਅੱਜ 66 ਕੇ.ਵੀ ਸਬ-ਸਟੇਸ਼ਨ ਮਾਛੀਵਾੜਾ ਸਾਹਿਬ ਤੋਂ ਚੱਲਦੇ ਨਵੇਂ ਫੀਡਰ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟਾਂ ਤੇ ਹੋਰ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ। ਨਵੇਂ ਫੀਡਰ ਦਾ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਦੋ ਫੀਡਰ ਚੱਲਦੇ ਸਨ ਜਿਨ੍ਹਾਂ ਉਪਰ ਕਾਫ਼ੀ ਲੋਡ ਸੀ। ਅੱਜ ਇੱਕ ਨਵਾਂ ਗਨੀ ਖਾਂ ਨਬੀ ਖਾਂ ਨਾਮ ਦਾ 11 ਕੇ.ਵੀ. ਫੀਡਰ ਚਾਲੂ ਕੀਤਾ ਗਿਆ ਹੈ ਜਿਸ ਦਾ ਸ਼ਹਿਰ ਵਾਸੀਆਂ ਨੂੰ ਕਾਫ਼ੀ ਲਾਭ ਮਿਲੇਗਾ। ਸ਼ਹਿਰ ’ਚ ਬਿਜਲੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵਲੋਂ 2.50 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ’ਚ ਹੁਣ ਤੱਕ 2.11 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਾਛੀਵਾੜਾ ’ਚ 33 ਨਵੇਂ ਟਰਾਂਸਫਾਰਮਰ, 35 ਕਿਲੋਮੀਟਰ ਐੱਲ.ਟੀ.ਲਾਈਨ ਅਤੇ 33 ਕਿਲੋਮੀਟਰ ਐੱਚ.ਟੀ.ਲਾਈਨ ਵਿਛਾਈ ਗਈ ਹੈ ਜਿਸ ਨਾਲ ਸਾਰੇ ਸ਼ਹਿਰ ’ਚ ਜੋ ਸਪਲਾਈ ਦੌਰਾਨ ਤਕੀਨੀਕੀ ਖ਼ਰਾਬੀ ਆਉਂਦੀ ਉਹ ਹੁਣ ਨਹੀਂ ਆਵੇਗੀ। ਇਸ ਮੌਕੇ ਐੱਸ.ਡੀ.ਓ. ਅਮਨ ਗੁਪਤਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ (ਦੋਵੇਂ ਪ੍ਰਦੇਸ਼ ਸਕੱਤਰ), ਜੇ.ਪੀ. ਸਿੰਘ ਮੱਕੜ, ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਐਡਵੋਕੇਟ ਕਪਿਲ ਆਨੰਦ ਮੌਜੂਦ ਸਨ।