ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਮਈ
ਬਸਤੀ ਜੋਧੇਵਾਲ ਵਿੱਚ ਸਰਕਾਰੀ ਸਕੂਲ ਦਾ ਦੌਰਾ ਕਰਨ ਲਈ ਗਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਇਸ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਜ਼ਮੀਨ ’ਤੇ ਬੈਠ ਕੇ ਕਰਵਾਈ ਜਾ ਰਹੀ ਸੀ। ਵਿਧਾਇਕ ਪੱਪੀ ਨੇ ਉਸੇ ਵੇਲੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਮੌਕੇ ’ਤੇ ਬੁਲਾਇਆ ਤੇ ਬੱਚਿਆਂ ਲਈ ਕੁਰਸੀਆਂ ਦੇ ਇੰਤਜਾਮ ਕਰਨ ਲਈ ਕਿਹਾ।
ਦਰਅਸਲ, ਵਿਧਾਇਕ ਪੱਪੀ ਇਸ ਸਕੂਲ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਏ ਸਨ। ਇਸ ਦੌਰਾਨ ਜਦੋਂ ਉਹ ਇੱਕ ਹਾਲ ’ਚ ਗਏ ਤਾਂ ਉੱਥੇ ਬੱਚਿਆਂ ਨੂੰ ਜ਼ਮੀਨ ’ਤੇ ਬਿਠਾ ਕੇ ਪੜ੍ਹਾਈ ਕਰਵਾਈ ਜਾ ਰਹੀ ਸੀ, ਜਿਸ ’ਤੇ ਉਨ੍ਹਾਂ ਸਕੂਲ ਪ੍ਰਬੰਧਕਾਂ ਦੀ ਕਲਾਸ ਲਾਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਬੱਚਿਆਂ ਨੂੰ ਟਾਟ ’ਤੇ ਬਿਠਾ ਕੇ ਪੜ੍ਹਾਈ ਕਿਉਂ ਕਰਵਾਈ ਜਾ ਰਹੀ ਹੈ। ਉਨ੍ਹਾਂ ਜਦੋਂ ਸਕੂਲ ਸਟਾਫ਼ ਤੋਂ ਬੱਚਿਆਂ ਨੂੰ ਜ਼ਮੀਨ ’ਤੇ ਬਿਠਾ ਕੇ ਪੜ੍ਹਾਈ ਕਰਵਾਉਣ ਦਾ ਕਾਰਨ ਪੁੱਛਿਆ ਤਾਂ ਸਟਾਫ਼ ਨੇ ਕਿਹਾ ਕਿ ਹਾਲ ਦੀਆਂ ਕੁਰਸੀਆਂ ਸਾਫ਼ ਕਰਵਾਉਣ ਵਾਲੀਆਂ ਹਨ, ਜਿਸ ਕਾਰਨ ਬੱਚੇ ਜ਼ਮੀਨ ’ਤੇ ਬੈਠ ਕੇ ਪੜ੍ਹਾਈ ਕਰ ਰਹੇ ਹਨ ਜਿਸ ’ਤੇ ਉਨ੍ਹਾਂ ਕਿਹਾ, ‘ਸਿਰਦਰਦੀ ਲਓ ਕੁਰਸੀਆਂ ਸਾਫ਼ ਕਰਵਾਓ।’ ਜੇਕਰ ਸਕੂਲ ’ਚ ਕਿਸੇ ਵੀ ਚੀਜ਼ ਤੇ ਸਹੂਲਤ ਦੀ ਕਮੀ ਹੈ ਤਾਂ ਉਸ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣ, ਉਹ ਉਸਦਾ ਹੱਲ ਕਰਨਗੇ।
ਇਸ ਤੋਂ ਬਾਅਦ ਵਿਧਾਇਕ ਨੇ ਸਕੂਲ ’ਚ ਲੱਗੇ ਵਾਟਰ ਕੂਲਰ ਦਾ ਵੀ ਜਾਇਜ਼ਾ ਲਿਆ ਜੋ ਕੰਮ ਨਹੀਂ ਕਰ ਰਿਹਾ ਸੀ। ਇਸ ਲਈ ਵੀ ਸਟਾਫ਼ ਨੂੰ ਕਿਹਾ ਕਿ ਜੇਕਰ ਪਾਣੀ ਦੀ ਲੋੜ ਗਰਮੀ ’ਚ ਨਹੀਂ ਤਾਂ ਕਦੋਂ ਹੋਵੇਗੀ, ਇਸ ਲਈ ਉਹ ਇਸ ਨੂੰ ਤੁਰੰਤ ਠੀਕ ਕਰਵਾਉਣ। ਉਨ੍ਹਾਂ ਕਿਹਾ ਕਿ ਜਦੋਂ ਅਗਲੀ ਵਾਰ ਜਦੋਂ ਉਹ ਸਕੂਲ ’ਚ ਆਉਣ ਤਾਂ ਉਨ੍ਹਾਂ ਨੂੰ ਸਾਰੀਆਂ ਖਾਮੀਆਂ ਦੂਰ ਮਿਲਣੀਆਂ ਚਾਹੀਦੀਆਂ ਹਨ। ਵਿਧਾਇਕ ਪੱਪੀ ਨੇ ਇਸ ਦੌਰਾਨ ਵੱਖ-ਵੱਖ ਜਮਾਤਾਂ ’ਚ ਜਾ ਕੇ ਬੱਚਿਆਂ ਤੋਂ ਵੀ ਸਵਾਲ ਕੀਤੇ ਕਿ ਸਕੂਲ ’ਚ ਪੜ੍ਹਾਈ ਕਿਵੇਂ ਚੱਲ ਰਹੀ ਹੈ। ਕਾਪੀਆਂ ਕਿਤਾਬਾਂ ਉਨ੍ਹਾਂ ਕੋਲ ਪੂਰੀਆਂ ਹਨ, ਸਕੂਲ ’ਚ ਮਿਲ ਰਿਹਾ ਖਾਣਾ ਚੰਗਾ ਹੈ, ਜਿਸਦਾ ਬੱਚਿਆਂ ਨੇ ਸੰਤੁਸ਼ਟੀ ਭਰਿਆ ਜਵਾਬ ਦਿੱਤਾ।
ਬਾਥਰੂਮ ਦੇ ਨਾਲ ਕਿਚਨ ਹੋਣ ’ਤੇ ਵੀ ਲਾਈ ਕਲਾਸ
ਵਿਧਾਇਕ ਜਦੋਂ ਜਾਂਚ ਦੌਰਾਨ ਸਕੂਲ ’ਚ ਤਿਆਰ ਹੋਣ ਵਾਲੇ ਮਿਡ-ਡੇਅ ਮੀਲ ਦੀ ਕਿਚਨ ਦਾ ਜਾਇਜ਼ਾ ਲੈਣ ਪੁੱਜੇ ਤਾਂ ਕਿਚਨ ਦੇ ਨਾਲ ਬਾਥਰੂਮ ਹੋਣ ’ਤੇ ਸਟਾਫ਼ ਨੂੰ ਜੰਮ ਕੇ ਫਟਕਾਰ ਲਾਈ ਤੇ ਕਿਹਾ ਕਿ ਜੇਕਰ ਘਰ ’ਚ ਅਜਿਹਾ ਪ੍ਰਬੰਧ ਹੁੰਦਾ ਤਾਂ ਉਹ ਕੀ ਕਰਦੇ। ਰਸੋਈ ਨੂੰ ਪਹਿਲਾਂ ਉਨ੍ਹਾਂ ਕੰਪਿਊਟਰ ਲੈਬ ’ਚ ਤਬਦੀਲ ਕਰਨ ਦੀ ਗੱਲ ਕਹੀ, ਪਰ ਕੰਪਿਊਟਰ ਲੈਬ ਦੇ ਨਾਲ ਵੀ ਬਾਥਰੂਮ ਸੀ, ਜਿਸ ਤੋਂ ਬਾਅਦ ਕਿਚਨ ਨੂੰ ਸਾਹਮਣੇ ਬਰਾਂਡੇ ’ਚ ਤਬਦੀਲ ਕਰਨ ਲਈ ਕਿਹਾ।