ਪੱਤਰ ਪ੍ਰੇਰਕ
ਸਮਰਾਲਾ, 4 ਸਤੰਬਰ
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਉਲੀਕੀਆਂ ਗਈਆਂ ਯੋਜਨਾਵਾਂ ਵਿੱਚ ਤੇਜ਼ੀ ਲਿਆਉਣ ਲਈ ਅੱਜ ਇਥੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਬਲਾਕ ਸਮਰਾਲਾ ਦੇ 62 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 4 ਕਰੋੜ ਰੁਪਏ ਦੀਆਂ ਗਰਾਂਟਾਂ ਦੇ ਚੈੱਕਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ, ਜਿਹੜੇ ਹੋਰ ਵੀ ਕੰਮ ਅਧੂਰੇ ਪਏ ਹਨ, ਉਨ੍ਹਾਂ ਲਈ ਲੋੜੀਂਦੇ ਮਤੇ ਪਾਸ ਕਰਕੇ ਭੇਜੇ ਜਾਣ, ਤਾਂ ਕਿ ਗ੍ਰਾਂਟਾਂ ਦੀ ਅਗਲੀ ਕਿਸ਼ਤ ਵੀ ਜਲਦੀ ਜਾਰੀ ਕੀਤੀ ਜਾ ਸਕੇ। ਇਸ ਤੋਂ ਪਹਿਲਾ ਉਨ੍ਹਾਂ ਸਥਾਨਕ ਬਲਾਕ ਸਮਿਤੀ ਦਫ਼ਤਰ ਵਿੱਚ ਵੰਡੀਆਂ ਗਈਆਂ ਇਨ੍ਹਾਂ ਗ੍ਰਾਂਟਾਂ ਨੂੰ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ’ਤੇ ਸੁੱਚਜੇ ਢੰਗ ਨਾਲ ਲਗਾਉਣ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਬਲਾਕ ਸਮਿਤੀ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਨੇ ਆਖਿਆ ਕਿ ਹੁਣ ਤੱਕ ਇਸ ਬਲਾਕ ਦੇ ਪਿੰਡਾਂ ਨੂੰ ਕਰੀਬ 29 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਗ੍ਰਾਂਟਾਂ ਦੀ ਬਦੌਲਤ ਪਿੰਡਾਂ ਦੀ ਬਦਲੀ ਹੋਈ ਨੁਹਾਰ ਤੋਂ ਪਿੰਡਾਂ ਦੇ ਲੋਕ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਮਨਰੇਗਾ ਸਕੀਮ ਅਧੀਨ 3 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ 7 ਕਰੋੜ ਦੇ ਕੰਮ ਹੋਰ ਕਰਵਾਏ ਜਾਣੇ ਹਨ। ਉਨ੍ਹਾਂ ਹੋਰ ਦੱਸਿਆ ਕਿ ਵਿਧਾਇਕ ਢਿੱਲੋਂ ਦੀ ਅਗਵਾਈ ਵਿੱਚ 150 ਕੈਟਲ ਸ਼ੈੱਡ ਅਤੇ 7 ਨਵੀਂ ਤਕਨੀਕ ਦੇ ਖੇਡ ਗਰਾਊਂਡ ਮੁਕੰਮਲ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਕਮਲਜੀਤ ਸਿੰਘ ਢਿੱਲੋਂ, ਕਰਨਵੀਰ ਸਿੰਘ ਢਿੱਲੋਂ, ਸਰਬਜੀਤ ਕੌਰ ਵਾਈਸ ਚੇਅਰਮੈਨ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਦੇ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਹਾਜ਼ਰ ਸਨ।