ਦੇਵਿੰਦਰ ਸਿੰਘ ਜੱਗੀ
ਪਾਇਲ, 12 ਸਤੰਬਰ
ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈ ਕੇ ਬਣੀ ਹੈ, ਜਿਸਦੇ ਤਹਿਤ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵੱਲੋਂ ਆਪਣਾ ਯੋਗਦਾਨ ਪਾਉਂਦੇ ਹੋਏ ‘ਮਿਸ਼ਨ ਹਰਿਆਲੀ’ ਤਹਿਤ ਵਿਦਿਆਰਥੀਆਂ, ਅਧਿਆਪਕਾਂ, ਪ੍ਰਿੰਸੀਪਲ ਅਤੇ ਮੈਨੇਜਮੈਂਟ ਨੇ ਇੱਕ-ਇੱਕ ਬੂਟਾ ਲਗਾਇਆ। ਪੰਜਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ। ਇਸ ਮੁਹਿੰਮ ਦੇ ਸੰਚਾਲਕ ਸਕੂਲੀ ਅਧਿਆਪਕ ਸੁਰਿੰਦਰ ਸਿੰਘ ਅਤੇ ਬਾਗਬਾਨੀ ਸੁਪਰਵਾਈਜ਼ਰ ਜੋਗਿੰਦਰ ਸਿੰਘ, ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਿਆਲ ਅਤੇ ਜਗਮੋਹਨ ਕੌਰ ਸਚਦੇਵ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਨਿੰਦਰਜੀਤ ਸਿੰਘ ਬੈਨੀਪਾਲ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਸਕੂਲ ਦੇ ਮੈਨੇਜਮੈਂਟ ਕਮੇਟੀ ਮੈਂਬਰ ਗੁਰਨਾਮ ਸਿੰਘ ਅੜੈਚਾਂ ਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਵੱਲੋਂ ਹਰਿਆਲੀ ਮਿਸ਼ਨ ਤਹਿਤ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਵਿਚ ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਾਏ।
ਵਿੱਦਿਆ ਇੰਟਰਨੈਸ਼ਨਲ ਸਕੂਲ ਨੇ ਬੂਟੇ ਲਾਏ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇਥੇ ਰਾਏਕੋਟ ਰੋਡ ’ਤੇ ਸਥਿਤ ਵਿੱਦਿਆ ਇੰਟਰਨੈਸ਼ਨਲ ਸਕੂਲ ਅਖਾੜਾ ਵਿੱਚ ਅੱਜ ਮਿਸ਼ਨ ਹਰਿਆਲੀ ਤਹਿਤ ਬੂਟੇ ਲਾਏ ਗਏ। ਪ੍ਰਿੰਸੀਪਲ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਸਕੂਲ ਦੇ ਆਲੇ-ਦੁਆਲੇ ਬੂਟੇ ਲਾਏ। ਇਸ ਸਮੇਂ ਬੱਚਿਆਂ ਨੂੰ ਦਿਨੋਂ ਦਿਨ ਪ੍ਰਦੂਸ਼ਿਤ ਹੁੰਦੇ ਵਾਤਾਵਰਣ ਅਤੇ ਆਲਮੀ ਤਪਸ਼ ਬਾਰੇ ਜਾਗਰੂਕ ਕੀਤਾ ਗਿਆ। ਸਕੂਲ ਤੋਂ ਇਲਾਵਾ ਪਿੰਡ ਅਖਾੜਾ ’ਚ ਵੀ ਕਈ ਥਾਵਾਂ ’ਤੇ ਬੂਟੇ ਲਾਏ ਗਏ। ਇਸ ਸਮੇਂ ਸਕੂਲੀ ਵਿਦਿਆਰਥੀਆਂ ਦੇ ਕਵਿਤਾ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।