ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੂਨ
ਜ਼ਿਲਾ ਲੁਧਿਆਣਾ ‘ਚ ਮਿਸ਼ਨ ਫ਼ਹਿਤ ਤਹਿਤ ਕੋਵਿਡ 19 ਤੋਂ ਬਚਾਅ ਲਈ ਅਤੇ ਸੁਰੱਖਿਆ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ ਦੀ ਇਕ ਵੱਡੀ ਮੁਹਿੰਮ ਅੱਜ ਸ਼ੁਰੂ ਹੋਈ ਜਿਸ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਖਬਰਦਾਰ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵਾਹਨ ਜ਼ਿਲੇ ਦੇ ਹਰ ਪਿੰਡ ਤੇ ਸ਼ਹਿਰ ‘ਚ ਜਾਣਗੇ। ਪੂਰੇ ਜ਼ਿਲੇ ਨੂੰ ਕਵਰ ਕਰਨ ਲਈ ਅੱਜ 60 ਵੈਨਾਂ ਨੂੰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਤ ਤੌਰ ’ਤੇ ਮਿਸ਼ਨ ਫ਼ਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਆਰੰਭਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ’ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਸਲਾ ਅਫ਼ਜਾਈ ਕੀਤੀ ਜਾ ਸਕੇ।