ਗਗਨਦੀਪ ਅਰੋੜਾ
ਲੁਧਿਆਣਾ, 14 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਵੱਲੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਖ਼ਿਲਾਫ਼ ਦਿੱਤੇ ਗਏ ਬਿਆਨ ’ਤੇ ਲੁਧਿਆਣਾ ਵਿੱਚ ਸਿਆਸਤ ਕਾਫ਼ੀ ਭੱਖ ਗਈ ਹੈ। ਅਕਾਲੀ ਆਗੂ ਦੀ ਪੱਤਰਕਾਰ ਮਿਲਣੀ ਮਗਰੋਂ ਸ਼ਾਮ ਵੇਲੇ ਮੰਤਰੀ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਵੀ ਫੇਸਬੁੱਕ ’ਤੇ ਲਾਈਵ ਹੋ ਗਈ, ਜਿਸ ਵਿੱਚ ਉਨ੍ਹਾਂ ਨੇ ਅਕਾਲੀ ਆਗੂ ਗਰੇਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਸ ਤੋਂ ਬਾਅਦ ਦੋਹਾਂ ਦੀਆਂ ਵੀਡੀਓਜ਼ ਅੱਜ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹੀਆਂ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬੀਤੇ ਦਿਨੀਂ ਪੱਤਰਕਾਰ ਮਿਲਣੀ ਕਰਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਲੁਧਿਆਣਾ ਤੋਂ ਕੌਂਸਲਰ ਮਮਤਾ ਆਸ਼ੂ ਨੂੰ ਟਟੀਰੀ ਕਹਿ ਦਿੱਤਾ ਸੀ, ਜਿਸ ਮਗਰੋਂ ਮਮਤਾ ਆਸ਼ੂ ਨੇ ਗਰੇਵਾਲ ਤੋਂ ਪੁੱਛਿਆ ਕਿ ਕੀ ਉਹ ਆਪਣੇ ਘਰ ’ਚ ਵੀ ਨੂੰਹਾਂ ਤੇ ਧੀਆਂ ਨਾਲ ਇਸੇ ਤਰ੍ਹਾਂ ਗੱਲ ਕਰਦੇ ਹਨ।
ਉੱਧਰ, ਮਹੇਸ਼ਇੰਦਰ ਗਰੇਵਾਲ ਦੇ ਬਿਆਨ ਦਾ ਮਮਤਾ ਆਸ਼ੂ ਨੇ ਸਖ਼ਤ ਸ਼ਬਦਾਂ ’ਚ ਵਿਰੋਧ ਕੀਤਾ। ਗਰੇਵਾਲ ਦੀ ਪੱਤਰਕਾਰ ਮਿਲਣੀ ਤੋਂ ਕੁਝ ਦੇਰ ਬਾਅਦ ਹੀ ਮਮਤਾ ਆਸ਼ੂ ਵੀ ਫੇਸਬੁੱਕ ’ਤੇ ਲਾਈਵ ਹੋ ਗਈ। ਉਨ੍ਹਾਂ ਨੇ ਗਰੇਵਾਲ ਤੋਂ ਪੁੱਛਿਆ ਕਿ ਕੀ ਉਹ ਆਪਣੇ ਘਰ ’ਚ ਵੀ ਬੱਚਿਆਂ ਤੇ ਨੂੰਹਾਂ-ਧੀਆਂ ਨਾਲ ਇਸੇ ਤਰ੍ਹਾਂ ਗੱਲ ਕਰਦੇ ਹਨ। ਮਮਤਾ ਆਸ਼ੂ ਨੇ ਕਿਹਾ ਕਿ ਉਹ ਜਨਤਾ ਵੱਲੋਂ ਚੁਣੇ ਗਏ ਕੌਂਸਲਰ ਹਨ ਤੇ ਉਸੇ ਨਾਤੇ ਲੋਕਾਂ ਨਾਲ ਮੀਟਿੰਗ ਕਰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਗਰੇਵਾਲ ਉਨ੍ਹਾਂ ਦੇ ਪਿਤਾ ਵਰਗੇ ਹਨ ਤੇ ਉਹ ਉਨ੍ਹਾਂ ਦੀ ਇੱਜ਼ਤ ਕਰਦੇ ਹਨ, ਪਰ ਉਨ੍ਹਾਂ ਦੀ ਭਾਸ਼ਾ ਨਿੰਦਣਯੋਗ ਹੈ ਤੇ ਉਹ ਇਸ ਦਾ ਵਿਰੋਧ ਕਰਦੇ ਹਨ।
ਮਮਤਾ ਆਸ਼ੂ ਨੇ ਕਾਂਗਰਸੀ ਸਮੱਰਥਕਾਂ ਨੂੰ ਅਪੀਲ ਕੀਤੀ ਕਿ ਉਹ ਗਰੇਵਾਲ ਦੇ ਇਸ ਬਿਆਨ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪੁੱਜਦਾ ਕਰਨ ਤਾਂ ਜੋ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਕਾਲੀ ਆਗੂ ਔਰਤਾਂ ਪ੍ਰਤੀ ਕਿਸ ਤਰ੍ਹਾਂ ਦੀ ਸੋਚ ਰੱਖਦੇ ਹਨ।