ਗਗਨਦੀਪ ਅਰੋੜਾ
ਲੁਧਿਆਣਾ, 14 ਸਤੰਬਰ
ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ’ਚ ਇਸ ਵਾਰ ਲੁਧਿਆਣਾ ’ਚ ਮੁਕਾਬਲਾ ਫਿਰ ਰੌਮਾਂਚਿਕ ਹੋਣ ਵਾਲਾ ਹੈ। ਇਸ ਵਾਰ ਲੁਧਿਆਣਾ ਤੋਂ ਹਲਕਾ ਲੁਧਿਆਣਾ ਪੱਛਮੀ ਤੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੱਕਰ ਦੇਣ ਦੇ ਲਈ ਦੋ ਵਕੀਲ ਮੈਦਾਨ ਵਿੱਚ ਉਤਰਣਗੇ। ਇਸ ਵਿੱਚੋਂ ਇੱਕ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੈਦਾਨ ਵਿੱਚ ਉਤਾਰ ਵੀ ਦਿੱਤਾ ਹੈ। ਦਰਅਸਲ, ਲੁਧਿਆਣਾ ਪੱਛਮੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਿਛਲੀਆਂ ਚੋਣਾਂ ’ਚ ਗਠਜੋੜ ਦੇ ਤਹਿਤ ਇਹ ਸੀਟ ਭਾਜਪਾ ਦੇ ਹਿੱਸੇ ਆਉਂਦੀ ਸੀ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਮਹੇਸ਼ਇੰਦਰ ਗਰੇਵਾਲ ਨੂੰ ਹਲਕਾ ਇੰਚਾਰਜ ਐਲਾਨਣ ਤੋਂ ਬਾਅਦ ਹੁਣ ਸਿਆਸਤ ਵਿੱਚ ਵੀ ਗਰਮੀ ਆ ਗਈ ਹੈ, ਮਾਹਿਰਾਂ ਦੀ ਮੰਨੀਏ ਤਾਂ ਮਹੇਸ਼ਇੰਦਰ ਗਰੇਵਾਲ ਦਾ ਹਲਕਾ ਪੱਛਮੀ ਵਿੱਚ ਚੰਗਾ ਰਸੂਖ ਹੈ। ਲੋਕਾਂ ਦੇ ਖੁਸ਼ੀ ਗਮਾਂ ਦੇ ਸਮਾਗਮਾਂ ਵਿੱਚ ਮਹੇਸ਼ਇੰਦਰ ਹਮੇਸ਼ਾ ਹੀ ਪੁੱਜਦੇ ਰਹੇ ਹਨ। ਲੋਕ ਸਭਾ ਚੋਣਾਂ ਸਮੇਂ ਵੀ ਹਲਕਾ ਪੱਛਮੀ ਵਿੱਚ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਇਸਦੇ ਨਾਲ ਹੀ ਇਸੇ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਲਈ ਦੂਜੇ ਵਕੀਲ ਬਿਕਰਮ ਸਿੰਘ ਸਿੱਧੂ ਦਾਅਵੇਦਾਰ ਹਨ। ਪੇਸ਼ੇ ਵਜੋਂ ਵਕੀਲ ਬਿਕਰਮ ਸਿੱਧੂ ਪਿਛਲੇ ਇੱਕ ਸਾਲ ਤੋਂ ਲਗਾਤਾਰ ਹਲਕਾ ਪੱਛਮੀ ਵਿੱਚ ਸਰਗਰਮ ਹਨ ਤੇ ਹਰ ਥਾਂ ਪੁੱਜ ਵੀ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਬਿਕਰਮ ਸਿੱਧੂ ਨੇ ਨਗਰ ਸੁਧਾਰ ਟਰੱਸਟ ਵੱਲੋਂ ਇਸੇ ਹਲਕੇ ਵਿੱਚ ਮਾਡਲ ਟਾਊਨ ਐਕਸਟੇਂਸ਼ਨ ਦੀ ਪੌਣੇ ਚਾਰ ਏਕੜ ਪ੍ਰਾਪਰਟੀ ਮੰਤਰੀ ਦੇ ਨਜ਼ਦੀਕੀ ਨੂੰ 98 ਕਰੋੜ ਰੁਪਏ ਵਿੱਚ ਵੇਚਣ ਦਾ ਮਾਮਲਾ ਚੁੱਕਿਆ ਸੀ, ਜਦਕਿ ਇਸ ਪ੍ਰਾਪਰਟੀ ਦੀ ਅਸਲ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਭਾਜਪਾ ਨੇ ਕਾਫ਼ੀ ਪ੍ਰਦਰਸ਼ਨ ਵੀ ਕੀਤੇ ਸਨ ਤੇ ਬਾਅਦ ਵਿੱਚ ਦਬਾਅ ਵਿੱਚ ਆਈ ਪੰਜਾਬ ਸਰਕਾਰ ਨੂੰ ਇਸ ਜ਼ਮੀਨ ਦੀ ਬੋਲੀ ਨੂੰ ਰੱਦ ਕਰਨਾ ਪਿਆ ਸੀ।