ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੁਲਾਈ
ਸ਼ਹਿਰ ਦੇ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਡੀ ਖੇਤਰ ਵਿੱਚ 700 ਵਰਗ ਗਜ਼ ਜ਼ਮੀਨ ’ਤੇ ਅਤੇ 50 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਦਾ ਨੀਂਹ ਪੱਥਰ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੱਖਿਆ। ਇਹ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਨਵੀਂ ਵਿਕਸਤ ਲਈਅਰ ਵੈਲੀ ਦੇ ਬਿਲਕੁਲ ਨੇੜੇ ਉਸਾਰਿਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਵਿੱਚ ਬਜ਼ੁਰਗ ਲੋਕਾਂ ਲਈ ਹਰ ਕਿਸਮ ਦੀਆਂ ਕਲਾ ਸਹੂਲਤਾਂ ਹੋਣਗੀਆਂ ਤਾਂ ਜੋ ਉਹ ਆਪਣਾ ਕੀਮਤੀ ਸਮਾਂ ਇੱਥੇ ਬਿਤਾ ਸਕਣ। ਉਨ੍ਹਾਂ ਕਿਹਾ ਕਿ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉਸਾਰੀ ਦਾ ਕੰਮ ਭਲਕੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲ 700 ਗਜ਼ ਜ਼ਮੀਨ ਵਿੱਚੋਂ 500 ਗਜ਼ ਵਿੱਚ ਇਕ ਲਾਇਬ੍ਰੇਰੀ, ਹਾਲ, ਰਸੋਈ, ਪਖਾਨੇ ਆਦਿ ਦਾ ਨਿਰਮਾਣ ਹੋਵੇਗਾ, ਜਦੋਂਕਿ ਬਾਕੀ ਰਕਬੇ ਵਿੱਚ ਹਰੇ ਭਰੇ ਲਾਨ ਅਤੇ ਬੈਠਣ ਦੀ ਸਹੂਲਤ ਹੋਵੇਗੀ.
ਮੰਤਰੀ ਆਸ਼ੂ ਨੇ ਕਿਹਾ ਕਿ ਇਹ ਪ੍ਰਾਜੈਕਟ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਸੀ, ਪਰ ਕੋਵਿਡ-19 ਮਹਾਂਮਾਰੀ ਕਾਰਨ ਦੇਰੀ ਹੋਈ ਹੈ। ਉਨ੍ਹਾਂ ਹੁਣ ਭਰੋਸਾ ਦਿਵਾਇਆ ਕਿ ਵਰਕ ਆਰਡਰ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ, ਨਗਰ ਸੁਧਾਰ ਟਰੱਸਟ ਲੁਧਿਆਣਾ ਅਗਲੇ ਕੁਝ ਮਹੀਨਿਆਂ ਵਿੱਚ ਇਸ ਕੰਮ ਨੂੰ ਪੂਰਾ ਕਰ ਦੇਵੇਗਾ। ਇਸ ਮੌਕੇ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਆਧੁਨਿਕ ਫਰਨੀਚਰ ਦੇ ਨਾਲ ਹੋਰ ਅਜਿਹੀਆਂ ਸਹੂਲਤਾਂ ਵੀ ਸੀਨੀਅਰ ਸਿਟੀਜ਼ਨਜ਼ ਨੂੰ ਵੱਖਰੇ ਤੌਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਜੇ ਬਜ਼ੁਰਗ ਨਾਗਰਿਕ ਚਾਹੁੰਦੇ ਹਨ ਕਿ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਦੇ ਅੰਦਰ ਇੱਕ ਮੈਡੀਕਲ ਡਿਸਪੈਂਸਰੀ ਵੀ ਸਥਾਪਤ ਕੀਤੀ ਜਾਵੇ ਤਾਂ ਇਹ ਮੰਗ ਵੀ ਪਹਿਲ ਦੇ ਅਧਾਰ ’ਤੇ ਪੂਰੀ ਕੀਤੀ ਜਾਵੇਗੀ।