ਸਤਵਿੰਦਰ ਬਸਰਾ
ਲੁਧਿਆਣਾ, 28 ਫਰਵਰੀ
ਲੁਧਿਆਣਾ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਯਤਨਾਂ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫਤਰ ਵਿੱਚ ਐਂਟੀ-ਸਮੌਗ/ਡਸਟ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਸਲਰ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਆਦਿ ਹਾਜ਼ਰ ਸਨ।
ਸ੍ਰੀ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਨੂੰ ਸਾਫ਼ ਅਤੇ ਤਾਜ਼ੀ ਹਵਾ ਮੁਹੱਈਆ ਕਰਾਉਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਜਿਹੀਆਂ ਐਂਟੀ-ਸਮੋਗ ਅਤੇ ਐਂਟੀ-ਡਸਟ ਮਸ਼ੀਨਾਂ ਲਗਾਈਆਂ ਜਾਣਗੀਆਂ। ਇਹ ਮਸ਼ੀਨਾਂ ਨਗਰ ਨਿਗਮ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਅਧੀਨ ਖ਼ਰ਼ੀਦੀਆਂ ਜਾਣਗੀਆਂ ਅਤੇ ਜੋ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ। ਅੱਜ ਦੋ ਵੱਖ-ਵੱਖ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਇਲੈਕਟ੍ਰਿਕ ਵਾਹਨ ’ਤੇ ਲੱਗੀ ਹੋਈ ਹੈ ਅਤੇ ਦੂਜੀ ਇੱਕ ਮਹਿੰਦਰਾ ਬੋਲੇਰੋ ਗੱਡੀ ’ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਜਿਵੇਂ ਲੰਬੇ ਰੁੱਖਾਂ ਦੇ ਪੱਤਿਆਂ ਦੀ ਧੂੜ ਧੋਣ ਲਈ, ਹਵਾ ਵਿੱਚ ਫੈਲੀ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਨੂੰ ਖ਼ਤਮ ਕਰਨ ਆਦਿ ਲਈ। ਅੱਜ ਦਾ ਪ੍ਰਦਰਸ਼ਨ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਯੋਜਿਤ ਕੀਤਾ ਗਿਆ।
ਇਸਦੇ ਤਹਿਤ 15ਵੇਂ ਵਿੱਤ ਕਮਿਸ਼ਨ ਅਨੁਸਾਰ 42 ਮਿਲੀਅਨ ਤੋਂ ਜ਼ਿਆਦਾ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਭਾਗੀਦਾਰ ਵਿਭਾਗਾਂ ਨੂੰ ਦੱਸਿਆ ਕਿ ਲੁਧਿਆਣਾ ਪੰਜਾਬ ਰਾਜ ਦੇ ਨੌ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਪਲਾਨ ਅਤੇ ਕਾਰਜ ਯੋਜਨਾ ਅਨੁਸਾਰ ਲੋੜੀਂਦੀ ਕਾਰਵਾਈ ਪਹਿਲਾਂ ਹੀ ਸੀ.ਪੀ.ਸੀ.ਬੀ. ਦੁਆਰਾ ਮਨਜ਼ੂਰ ਕਰ ਲਈ ਗਈ ਹੈ।