ਗਗਨਦੀਪ ਅਰੋੜਾ
ਲੁਧਿਆਣਾ, 16 ਅਗਸਤ
ਸਨਅਤੀ ਸ਼ਹਿਰ ’ਚ ਗੁਰੂ ਨਾਨਕ ਸਟੇਡੀਅਮ ਵਿੱਚ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੌਮੀ ਝੰਡਾ ਲਹਿਰਾਇਆ। ਮੰਤਰੀ ਆਸ਼ੂ ਵੱਲੋਂ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਮਹਾਮਾਰੀ ਦੀ ਸੰਭਾਵਿਤ ਤੀਜ਼ੀ ਲਹਿਰ ਨੂੰ ਠੱਲ੍ਹ ਪਾਉਣ ਲਈ ਯੋਗ ਲੋਕਾਂ ਨੂੰ ਕੋਵਿਡ-19 ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਲਈ, ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਡਾਕਟਰੀ ਸੇਵਾਵਾਂ ਯਕੀਨੀ ਬਣਾਉਣ ਲਈ ਆਈ.ਸੀ.ਯੂ, ਆਕਸੀਜਨ ਪਲਾਂਟ, ਨਵੇਂ ਮੈਡੀਕਲ ਕਾਲਜ, ਨਵੇਂ ਡਾਕਟਰ, ਪੈਰਾ ਮੈਡੀਕਲ ਅਤੇ ਹੋਰਾਂ ਦੀ ਸਥਾਪਨਾ ਕਰਕੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਮੋਡ ਵਿੱਚ ਹੈ।
ਕੈਬਿਨੇਟ ਮੰਤਰੀ ਨੇ ਸਿਵਲ, ਪੁਲੀਸ ਪ੍ਰਸ਼ਾਸਨ, ਵਿਧਾਇਕਾਂ, ਨਗਰ ਕੌਂਸਲਰਾਂ, ਉਦਯੋਗਪਤੀਆਂ, ਗੈਰ ਸਰਕਾਰੀ ਸੰਗਠਨਾਂ, ਸਮਾਜਕ ਅਤੇ ਧਾਰਮਿਕ ਸੰਗਠਨਾਂ ਦੇ ਸਮੂਹਕ ਅਣਥੱਕ ਯਤਨਾਂ ਅਤੇ ਵੈਕਸੀਨੇਸ਼ਨ ਦੁਆਰਾ ਲੁਧਿਆਣਾ ਨੂੰ ਨੰਬਰ ਇੱਕ ਬਣਾਉਣ ਵਿੱਚ ਵਚਨਬੱਧਤਾ ਦੀ ਸ਼ਲਾਘਾ ਕੀਤੀ। ਲਗਪੱਗ 17 ਲੱਖ ਲੋਕਾਂ ਨੂੰ ਸੰਭਾਵਤ ਤੀਜ਼ੀ ਲਹਿਰ ਨਾਲ ਨਜਿੱਠਣ ਲਈ ਕੋਵਿਡ-19 ਟੀਕਾ ਪ੍ਰਾਪਤ ਕਰਨ ਵਿੱਚ ਹਰ ਯੋਗ ਦੀ ਮਦਦ ਕਰਨ ਦਾ ਪ੍ਰਣ ਲੈਣ ਲਈ ਕਿਹਾ। ਮੰਤਰੀ ਆਸ਼ੂ ਨੇ ਇਹ ਵੀ ਦੱਸਿਆ ਕਿ 2017-2018 ਤੋਂ 2021-22 ਤੱਕ ਪੰਜਾਬ ਨੇ 1259.80 ਲੱਖ ਮੀਟਰਕ ਟਨ ਕਣਕ ਅਤੇ ਝੋਨੇ ਦੀ ਸਫਲਤਾਪੂਰਵਕ ਖਰੀਦ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਸਾਨਾਂ ਨੂੰ 2,54,898 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਹੈ। ਇਸ ਦੌਰਾਨ ਮੁੱਖ ਮਹਿਮਾਨ ਨੇ ਪਰੇਡ ਕਮਾਂਡਰ ਸਹਾਇਕ ਪੁਲੀਸ ਕਮਿਸ਼ਨਰ ਰਣਧੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਦੀਆਂ ਸੱਤ ਟੁਕੜੀਆਂ (ਮਹਿਲਾ ਅਤੇ ਪੁਰਸ਼), ਹੋਮ ਗਾਰਡ, ਏਅਰਵਿੰਗ, ਐਨ.ਸੀ.ਸੀ. (ਲੜਕੇ ਅਤੇ ਲੜਕੀਆਂ) ਦੁਆਰਾ ਪ੍ਰਭਾਵਸ਼ਾਲੀ ਮਾਰਚ ਪਾਸਟ ਦੌਰਾਨ ਸਲਾਮੀ ਲਈ। ਮੰਤਰੀ ਆਸ਼ੂ ਨੇ ਲਗਪੱਗ 36 ਪ੍ਰਮੁੱਖ ਅਧਿਕਾਰੀਆਂ, ਡਾਕਟਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜ ਦੇ ਵੱਖੋ-ਵੱਖਰੇ ਖੇਤਰਾਂ ਦੇ ਲੋਕਾਂ ਨੂੰ ਸਮਾਜ ਅਤੇ ਕੋਵਿਡ-19 ਯੁੱਧ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ। ਉਨ੍ਹਾਂ ਲੋੜਵੰਦ ਲੋਕਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ ਵੀ ਵੰਡੇ।
ਮਾਛੀਵਾੜਾ ਮਾਰਕੀਟ ਕਮੇਟੀ ਦਾ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਆਜ਼ਾਦੀ ਦਿਹਾੜੇ ’ਤੇ ਕਰਵਾਏ ਗਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਮਾਛੀਵਾੜਾ ਮਾਰਕੀਟ ਕਮੇਟੀ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਿਤ ਕੀਤਾ ਗਿਆ, ਜਿੱਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਮਾਛੀਵਾੜਾ ਮਾਰਕੀਟ ਕਮੇਟੀ ਨੇ ਚੇਅਰਮੈਨ ਦਰਸ਼ਨ ਕੁੰਦਰਾ ਦੀ ਅਗਵਾਈ ਹੇਠ ਆਪਣੀ ਡੇਢ ਸਾਲ ਦੀ ਕਾਰਗੁਜ਼ਾਰੀ ਦੌਰਾਨ ਜਿੱਥੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਤਨਦੇਹੀ ਨਾਲ ਸੇਵਾਵਾਂ ਦਿੱਤੀਆਂ, ਉੱਥੇ ਸਰਕਾਰ ਵਲੋਂ ਕਿਸਾਨਾਂ ਨੂੰ ਮੁਫ਼ਤ ਸਿਹਤ ਸੁਵਿਧਾਵਾਂ ਦੇਣ ਲਈ ਆਯੁਸ਼ਮਾਨ ਕਾਰਡ ਵੀ ਬਣਾਏ। ਇਸ ਮੌਕੇ ਚੇਅਰਮੈਨ ਕੁੰਦਰਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਕੰਮ ਕੀਤਾ ਅਤੇ ਬੜੇ ਮਾਣ ਦੀ ਗੱਲ ਹੈ ਕਿ ਇਸ ਇਤਿਹਾਸਕ ਇਲਾਕੇ ਦੀ ਕਮੇਟੀ ਨੂੰ ਸਨਮਾਨ ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਨਮਾਨ ਲਈ ਮਾਛੀਵਾੜਾ ਮਾਰਕੀਟ ਕਮੇਟੀ ਦੇ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ।