ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਪੰਜਾਬ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਮਿੰਨੀ ਕਹਾਣੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਿੱਥੇ ਬੁਲਾਏ ਲੇਖਕਾਂ ਵੱਲੋਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ ਗਿਆ ਉੱਥੇ ਦੋ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲਖਵਿੰਦਰ ਜੌਹਲ, ਡਾ. ਸ਼ਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ, ਰਵਿੰਦਰ ਸਿੰਘ ਕੰਗ ਤੇ ਡਾ. ਗੁਰਇਕਬਾਲ ਸਿੰਘ ਸ਼ਾਮਿਲ ਹੋਏ।
ਸਮਾਗਮ ਦੌਰਾਨ ਮਿੰਨੀ ਕਹਾਣੀ ਦਰਬਾਰ ਤੋਂ ਬਾਅਦ ਡਾ. ਕੁਲਦੀਪ ਸਿੰਘ ਦੀਪ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਅਜੋਕੀ ਮਿੰਨੀ ਕਹਾਣੀ ਦੀ ਦਿਸ਼ਾ ਅਤੇ ਰੂਪਕ ਪੱਖ ਤੇ ਚਰਚਾ ਕੀਤੀ। ਇਸ ਮੌਕੇ ‘ਅਣੂ’ ਦਾ ਸਤੰਬਰ ਅੰਕ ਤੋਂ ਇਲਾਵਾ ਮਿੰਨੀ ਕਹਾਣੀ ਸੰਗ੍ਰਹਿ ‘ਇੱਕ ਮੋਰਚਾ ਇਹ ਵੀ’ ਅਤੇ ‘ਸ਼ਬਦ ਤ੍ਰਿੰਝਣ’ ਵੀ ਲੋਕ ਅਰਪਣ ਕੀਤੀਆਂ ਗਈਆਂ। ਡਾ. ਜੌਹਲ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਨਵੇਂ ਲੇਖਕਾਂ ਨੂੰ ਪ੍ਰੇਰਿਤ ਕਰਦੇ ਹਨ ਉੱਥੇ ਰਚਨਾਵਾਂ ਉਪਰ ਵਿਦਵਾਨਾਂ ਦੀਆਂ ਟਿੱਪਣੀਆਂ ਅਜੋਕੇ ਸਾਹਿਤ ਦਾ ਮੁਲਾਂਕਣ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਵੀ ਮਿੰਨੀ ਕਹਾਣੀ ਲਿਖ ਕਿ ਸਾਹਿਤ ਦੇ ਪਿੜ ਵਿੱਚ ਆਏ ਸਨ ਅਤੇ ਅਣੂ ਪੱਤ੍ਰਕਾ ਨੇ ਇਹ ਛਾਪ ਕਿ ਸਾਹਿਤ ਰਚਨਾ ਵੱਲ ਉਤਸਾਹਿਤ ਕੀਤਾ। ਡਾ. ਦੀਪਤੀ ਨੇ ਕਿਹਾ ਕਿ ਅਕਾਡਮੀ ਦੇ ਮਿੰਨੀ ਕਹਾਣੀ ਪ੍ਰੋਗਰਾਮ ਨਿਰੰਤਰਤਾ ਦਾ ਹਿੱਸਾ ਹਨ। ਅਸੀਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਆਪਣੀਆਂ ਸਭਾਵਾਂ ਰਾਹੀਂ ਜਤਨ ਕਰਦੇ ਰਹਿੰਦੇ ਹਾਂ। ਇਸ ਸਮਾਗਮ ਦੇ ਕਨਵੀਨਰ ਸੁਰਿੰਦਰ ਕੈਲੇ ਅਤੇ ਮੰਚ ਸੰਚਾਲਕ ਜਗਦੀਸ਼ ਰਾਏ ਕੁਲਰੀਆਂ ਸਨ।