ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜਨਵਰੀ
ਜਲੰਧਰ ਬਾਈਪਾਸ ਨੇੜੇ ਇਕ ਕੰਪਨੀ ਦੇ ਬਾਹਰ ਖੜ੍ਹੇ ਟੈਂਪੂ ਵਿਚੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪੁਲੀਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਤ ਫਤਿਹ ਸਿੰਘ ਨਗਰ ਵਾਸੀ ਪ੍ਰਦੀਪ ਕੁਮਾਰ ਆਪਣੀ ਗੱਡੀ ’ਤੇ ਮਾਲ ਲੱਦ ਕੇ ਜਲੰਧਰ ਬਾਈਪਾਸ ਕੰਪਨੀ ਦੇ ਦਫ਼ਤਰ ਲੈ ਕੇ ਗਿਆ। ਜਦੋਂ ਉਹ ਕੰਪਨੀ ਦੇ ਮੇਨ ਗੇਟ ਕੋਲ ਪੁੱਜਾ ਤਾਂ ਇਕ ਟਰੱਕ ਪਹਿਲਾਂ ਤੋਂ ਹੀ ਰਸਤੇ ਵਿੱਚ ਖੜ੍ਹਾ ਸੀ, ਜਿਸ ਨੂੰ ਉਹ ਪਾਸੇ ਕਰਾਉਣ ਲਈ ਕੰਪਨੀ ਦੇ ਅੰਦਰ ਚਲਾ ਗਿਆ। ਜਦੋਂ ਉਹ 15-20 ਮਿੰਟ ਬਾਅਦ ਵਾਪਸ ਆਇਆ ਤਾਂ ਨਾਮਲੂਮ ਵਿਅਕਤੀ ਗੱਡੀ ਦੀ ਪਿਛਲੀ ਰੱਸੀ ਵੱਢ ਕੇ ਅੰਦਰ ਪਿਆ ਇਕ ਥੈਲਾ ਚੋਰੀ ਕਰਕੇ ਲੈ ਗਏ ਜਿਸ ਵਿੱਚ ਵੱਖ ਵੱਖ ਕੰਪਨੀਆਂ ਦੇ 25-30 ਮੋਬਾਈਲ ਫੋਨ ਰੱਖੇ ਹੋਏ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।