ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਦਸੰਬਰ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਛੇ ਜਣਿਆਂ ਖ਼ਿਲਾਫ਼ ਇਕ ਸਟੀਲ ਫੈਕਟਰੀ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਕਿਦਵਾਈ ਨਗਰ ਵਾਸੀ ਰਾਜੀਵ ਗੋਇਲ ਫੈਕਟਰੀ ਨੂੰ ਜਿੰਦਰਾ ਲਗਾ ਕੇ ਘਰ ਚਲਾ ਗਿਆ ਸੀ ਅਤੇ ਅਗਲੇ ਦਿਨ ਸਵੇਰੇ ਜਦੋਂ ਉਸ ਨੇ ਜਦੋਂ ਫੈਕਟਰੀ ਅੰਦਰ ਜਾ ਕੇ ਸਾਮਾਨ ਚੈੱਕ ਕੀਤਾ ਤਾਂ 125 ਕਿੱਲੋ ਨਿਕਲ, 60 ਕਿੱਲੋ ਜ਼ਿੰਕ ਪਲੇਟ, 250 ਕਿਲੋ ਤਾਂਬੇ ਦੀ ਤਾਰ ਅਤੇ 80 ਕਿੱਲੋ ਤਾਂਬੇ ਦੀ ਪੁਰਾਣੀ ਤਾਰ ਚੋਰੀ ਹੋ ਗਈ। ਪੁਲੀਸ ਨੇ ਸੰਤੋਸ਼ ਵਾਸੀ ਦੁਰਗਾ ਕਲੋਨੀ, ਰੰਜਨ ਵਾਸੀ ਸਰਪੰਚ ਕਲੋਨੀ, ਰਾਜਨ ਕੁਮਾਰ ਵਾਸੀ ਪਿੰਡ ਹੀਰਾ, ਜੋਗਿੰਦਰ ਕੁਮਾਰ ਵਾਸੀ ਗਿਆਸਪੁਰਾ, ਬੈਜਨਾਥ ਤੇ ਮੁਕੇਸ਼ ਕੁਮਾਰ ਵਾਸੀ ਭੰਡਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।