ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਥਾਣਾ ਦਰੇਸੀ ਦੀ ਪੁਲੀਸ ਵੱਲੋਂ ਧੋਖਾਧੜੀ ਦੇ ਦੋਸ਼ ਹੇਠ ਇੱਕ ਲੜਕੀ ਸਮੇਤ ਤਿੰਨ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਾਰਾਬਾਰਾ ਰੋਡ ਨਾਨਕ ਨਗਰ ਵਾਸੀ ਵਿੱਕੀ ਕੁਮਾਰ ਨੇ ਦੱਸਿਆ ਹੈ ਕਿ ਰੁੜਕਾ ਰੋਡ ਗੁਰਾਇਆ ਰਹਿੰਦੀ ਨਿੱਧੀ ਨੇ ਉਸ ਨੂੰ ਆਸਟਰੇਲੀਆ ਲਿਜਾਣ ਦਾ ਝਾਂਸਾ ਦੇ ਕੇ 5 ਲੱਖ 70 ਹਜ਼ਾਰ ਰੁਪਏ ਲਏ ਸਨ। ਨਿਧੀ ਨੇ ਉਸ ਨੂੰ ਦੱਸਿਆ ਸੀ ਕਿ ਉਹ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਰਹਿੰਦੀ ਹੈ ਅਤੇ ਉਹ ਉਸ ਨੂੰ ਵਿਆਹ ਕਰਨ ਉਪਰੰਤ ਆਸਟਰੇਲੀਆ ਪੱਕੇ ਤੌਰ ’ਤੇ ਲੈ ਜਾਵੇਗੀ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਨਿਧੀ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਨਹੀਂ ਰਹਿ ਰਹੀ। ਉਸ ਵੱਲੋਂ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਿਧੀ ਤੋਂ ਇਲਾਵਾ ਪਰਮਜੀਤ ਲਾਲ ਵਾਸੀ ਪਿੰਡ ਬੋਪਾਰਾਏ (ਜਲੰਧਰ) ਅਤੇ ਸਤਵਿੰਦਰ ਸਿੰਘ ਵਾਸੀ ਪਿੰਡ ਪੱਤੀ ਰਾਉਕੇ (ਗੁਰਾਇਆ) ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।