ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਦਸੰਬਰ
ਵਿਜੀਲੈਂਸ ਵਿਭਾਗ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਰਿਸ਼ਵਤ ਲੈਣ ਦੇ ਕਥਿਤ ਦੋਸ਼ ਹੇਠ ਬੀਤੀ ਸ਼ਾਮ ਲੇਖਾਕਾਰ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ 30 ਹਜ਼ਾਰ ਰੁਪਏ ਰਿਸ਼ਵਤ ਦੀ ਰਾਸ਼ੀ ਤੋਂ ਇਲਾਵਾ 1 ਲੱਖ ਰੁਪਏ ਤੋਂ ਵੱਧ ਨਕਦੀ ਵੀ ਬਰਾਮਦ ਹੋਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਜਦੋਂ ਲੇਖਾਕਾਰ ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ ਵੀ 3 ਲੱਖ ਰੁਪਏ ਦੀ ਰਾਸ਼ੀ ਬਰਾਮਦ ਹੋਈ। ਫਿਲਹਾਲ ਵਿਭਾਗ ਨੇ ਲੇਖਾਕਾਰ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾ ਰਿਮਾਂਡ ਲਿਆ ਹੈ। ਦੂਸਰੇ ਪਾਸੇ ਵਿਜੀਲੈਂਸ ਵਿਭਾਗ ਨੇ ਇਸ ਮਾਮਲੇ ’ਚ ਨਾਮਜ਼ਦ ਜੇਈ ਮਨੋਹਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜੋ ਅਜੇ ਤੱਕ ਕਾਬੂ ਨਹੀਂ ਆਇਆ। ਇਸ ਭ੍ਰਿਸ਼ਟ ਅਧਿਕਾਰੀ ਖਿਲਾਫ਼ ਕਮੇਟੀ ’ਚ ਨਾਮਜ਼ਦ ਮੈਂਬਰ ਤੇ ਕਾਂਗਰਸੀ ਆਗੂ ਜਸਦੇਵ ਸਿੰਘ ਟਾਂਡਾ ਨੇ ਵੀ ਰੱਜ ਕੇ ਭੜਾਸ ਕੱਢੀ ਅਤੇ ਵਿਜੀਲੈਂਸ ਵਿਭਾਗ ਦੇ ਕਾਰਜ ਦੀ ਸ਼ਲਾਘਾ ਕੀਤੀ।