ਗਗਨਦੀਪ ਅਰੋੜਾ
ਲੁਧਿਆਣਾ, 5 ਨਵੰਬਰ
ਸਮਾਰਟ ਸਿਟੀ ਲੁਧਿਆਣਾ ਦੇ ਲੋਕਾਂ ਨੇ ਬੀਤੀ ਰਾਤ ਕਰੋੜਾਂ ਰੁਪਏ ਦੇ ਪਟਾਕੇ ਫੂਕ ਦਿੱਤੇ, ਗ੍ਰੀਨ ਦੀਵਾਲੀ ਤੇ ਬਿਨਾਂ ਪਟਾਕੇ ਚਲਾਉਣ ਦੀ ਦੀਵਾਲੀ ਦੀਆਂ ਪ੍ਰਸ਼ਾਸਨ ਤੇ ਸਰਕਾਰਾਂ ਦੀਆਂ ਅਪੀਲਾਂ ਅਤੇ ਦਲੀਲਾਂ ਨਜ਼ਰਅੰਦਾਜ਼ ਕਰਦੇ ਹੋਏ ਲੁਧਿਆਣਾ ਦੇ ਲੋਕ ਸਾਰੀ ਰਾਤ ਪਟਾਕੇ ਚਲਾਉਂਦੇ ਰਹੇ। ਪਟਾਕਿਆਂ ਨਾਲ ਜਿੱਥੇ ਹਵਾ ਦਾ ਪ੍ਰਦੂਸ਼ਣ ਵਧਿਆ, ਉਥੇ ਹੀ ਸਨਅਤੀ ਸ਼ਹਿਰ ਵਿੱਚ 43 ਥਾਵਾਂ ’ਤੇ ਪਟਾਕਿਆਂ ਕਾਰਨ ਅੱਗ ਲੱਗ ਗਈ, ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪੂਰੀ ਰਾਤ ਵੱਖ ਵੱਖ ਥਾਵਾਂ ’ਤੇ ਲੱਗੀ ਅੱਗ ਬੁਝਾਉਂਦੇ ਰਹੇ। ਇਸ ਤੋਂ ਇਲਾਵਾ ਪਟਾਕੇ ਚੱਲਣ ਸਮੇਂ ਜ਼ਖਮੀ ਹੋਏ 30 ਲੋਕ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਵੀ ਪੁੱਜੇ।
ਸਨਅਤੀ ਸ਼ਹਿਰ ਵਿੱਚ ਦੀਵਾਲੀ ਵਾਲੇ ਦਿਨ 7 ਵਜੇ ਹੀ ਲੋਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਜੋ ਦੇਰ ਰਾਤ 2 ਵਜੇ ਤੱਕ ਵੀ ਜਾਰੀ ਰਹੇ। ਪਟਾਕਾ ਵਪਾਰੀਆਂ ਦੀ ਮੰਨੀਏ ਤਾਂ ਇਸ ਵਾਰ ਕਰੋੜਾਂ ਰੁਪਏ ਦੇ ਪਟਾਕੇ ਵਿਕੇ ਹਨ, ਪ੍ਰਸ਼ਾਸਨ ਵੱਲੋਂ ਕਈ ਥਾਵਾਂ ’ਤੇ ਹੌਲਸੇਲ ਰੇਟ ਵਿੱਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਟਾਕੇ ਦੇ ਛੋਟੇ ਸਟਾਲ ਲਗਾਉਣ ਵਾਲਿਆਂ ਨੂੰ ਤੰਗ ਨਾ ਕਰਨ ਦੀ ਗੱਲ ਤੋਂ ਬਾਅਦ ਲੁਧਿਆਣਾ ਵਿਚ ਥਾਂ ਥਾਂ ਪਟਾਕੇ ਵੇਚਣ ਵਾਲਿਆਂ ਨੇ ਸਟਾਲ ਲਗਾ ਦਿੱਤੇ ਸਨ, ਪਿਛਲੇ ਦੋ ਸਾਲਾਂ ਵਿੱਚ ਕਰੋਨਾ ਕਾਰਨ ਲੋਕਾਂ ਨੇ ਜ਼ਿਆਦਾ ਤਿਉਹਾਰ ਨਹੀਂ ਮਨਾਏ ਸਨ, ਇਸ ਕਰਕੇ ਇਸ ਵਾਰ ਲੋਕਾਂ ਨੇ ਕਾਫ਼ੀ ਪਟਾਕੇ ਖਰੀਦੇ ਤੇ ਚਲਾਏ। ਦੀਵਾਲੀ ਦੀ ਰਾਤ ਪਟਾਕੇ ਚਲਾਉਂਦੇ ਹੋਏ 30 ਲੋਕ ਫੱਟੜ ਹੋ ਗਏ, ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ। ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਤਿੰਨ ਲੋਕ ਹਾਲੇ ਵੀ ਪਟਾਕਿਆਂ ਕਾਰਨ ਫੱਟੜ ਹੋਣ ਤੋਂ ਬਾਅਦ ਦਾਖਲ ਹਨ, 9 ਲੋਕਾਂ ਦਾ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸੇ ਤਰ੍ਹਾਂ ਡੀਐਮਸੀ ਹਸਪਤਾਲ ਵਿੱਚ ਪੰਜ ਲੋਕ ਪਟਾਕਿਆਂ ਤੋਂ ਫੱਟੜ ਹੋ ਕੇ ਆਏ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਦੇ ਮੂੰਹ ’ਤੇ ਸੱਟ ਲੱਗੀ। ਇਸੇ ਤਰ੍ਹਾਂ ਦੀਪ ਹਸਪਤਾਲ ਵਿੱਚ 8 ਮਰੀਜ਼ ਆਏ, 5 ਮਰੀਜ਼ ਸਿਵਲ ਹਸਪਤਾਲ ਵਿੱਚ ਪੁੱਜੇ।
ਸ਼ਹਿਰ ਵਿੱਚ 43 ਥਾਵਾਂ ’ਤੇ ਲੱਗੀ ਅੱਗ; ਜਾਨੀ ਨੁਕਸਾਨ ਤੋਂ ਬਚਾਅ
ਸਨਅਤੀ ਸ਼ਹਿਰ ਵਿੱਚ ਬੀਤੀ ਦੀਵਾਲੀ ਦੀ ਰਾਤ 43 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ, ਲੁਧਿਆਣਾ ਦੇ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਇਨ੍ਹਾਂ 43 ਥਾਵਾਂ ਤੋਂ ਫੋਨ ਆਏ ਤੇ ਉਥੇ ਅੱਗ ਬੁਝਾਉ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜ਼ਿਆਦਾਤਰ ਥਾਵਾਂ ’ਤੇ ਅੱਗ ਪਟਾਕਿਆਂ ਕਾਰਨ ਹੀ ਲੱਗੀ, ਇਨ੍ਹਾਂ ਵਿੱਚੋਂ 11 ਅੱਗ ਦੀਆਂ ਘਟਨਾਵਾਂ ਫੈਕਟੀਆਂ ਵਿੱਚ ਤੇ ਬਾਕੀ ਘਰਾਂ, ਖਾਲੀ ਪਲਾਟਾਂ ਤੇ ਹੋਰਨਾਂ ਥਾਵਾਂ ’ਤੇ ਹੋਈਆਂ। ਇਨ੍ਹਾਂ ਵਿੱਚ ਫੈਕਟਰੀਆਂ ਵਿੱਚ ਹੀ ਅੱਗ ਜ਼ਿਆਦਾ ਲੱਗੀ, ਬਾਕੀ ਥਾਵਾਂ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪੁੱਜਦੇ ਹੀ ਅੱਗ ’ਤੇ ਕਾਬੂ ਪਾ ਲਿਆ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਪਿਛਲੇ ਸਾਲ 32 ਥਾਵਾਂ ’ਤੇ ਅੱਗ ਲੱਗੀ ਸੀ, ਇਸ ਵਾਰ ਇਹ ਵੱਧ ਕੇ 43 ਥਾਵਾਂ ’ਤੇ ਲੱਗੀ।ਫਾਇਰ ਬ੍ਰਿਗੇਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਭ ਤੋਂ ਪਹਿਲੀ ਅੱਗ ਦੀ ਘਟਨਾ 8.05 ਵਜੇ ਸ਼ਿਵਪੁਰੀ ਇਲਾਕੇ ਵਿਚ ਹੋਈ, ਜਿੱਥੇ ਫੈਕਟਰੀ ਵਿੱਚ ਪਟਾਕਾ ਚੱਲਣ ਕਾਰਨ ਅੱਗ ਲੱਗ ਗਈ, ਇਸ ਇਲਾਕੇ ਵਿੱਚ ਕਾਫ਼ੀ ਭੀੜ ਰਹਿੰਦੀ ਹੈ, ਇਸ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਅੱਗ ’ਤੇ ਕਾਬੂ ਪਾਇਆ। ਇਸ ਇਲਾਕੇ ਵਿੱਚ ਫੈਕਟਰੀ ਦੇ ਆਲੇ ਦੁਆਲੇ ਕਾਫ਼ੀ ਫੈਕਟਰੀਆਂ ਸਨ, ਇਸ ਕਰਕੇ ਉਥੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਮਿਲ ਅੱਗ ’ਤੇ ਕਾਬੂ ਪਾਇਆ। ਸੁੰਦਰ ਨਗਰ ਇਲਾਕੇ ਦੀ ਫੈਕਟਰੀ ਵਿੱਚ 9.15 ਵਜੇ ਅੱਗ ਲੱਗਣ ਦਾ ਫੋਨ ਆਇਆ। ਇੱਥੇ ਲੱਖਾਂ ਰੁਪਏ ਦਾ ਸਮਾਨ ਫੈਕਟਰੀ ਵਿੱਚ ਸੜ ਗਿਆ, ਇਥੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਇਸ ਦੌਰਾਨ ਕਾਲੀ ਸੜਕ ’ਤੇ ਰਾਤ 10.20 ਵਜੇ ਫੈਕਟਰੀ ਵਿੱਚ ਅੱਗ ਲੱਗੀ, ਇੱਥੇ ਦੋ ਹਾਲ ਵਿੱਚ ਰੱਖਿਆ ਸਮਾਨ ਸੜ ਕੇ ਸੁਆਹ ਹੋ ਗਿਆ, ਇੱਥੇ ਵੀ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਤਿੰਨ ਘੰਟੇ ਲੱਗ ਗਏ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਮੁਲਾਜ਼ਮ ਪਹਿਲਾਂ ਹੀ ਅੱਗ ਲੱਗਣ ਦੀਆਂ ਘਟਨਾਵਾਂ ਲਈ ਤਿਆਰ ਸਨ।