ਗਗਨਦੀਪ ਅਰੋੜਾ
ਲੁਧਿਆਣਾ, 23 ਫਰਵਰੀ
ਚੋਣਾਂ ਤੋਂ ਬਾਅਦ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। 10 ਮਾਰਚ ਨੂੰ ਜ਼ਿਲ੍ਹੇ ਦੀਆਂ ਸਾਰੀਆਂ 14 ਸੀਟਾਂ ਲਈ ਗਿਣਤੀ ਵੱਖ-ਵੱਖ ਕੇਂਦਰਾਂ ’ਤੇ ਕੀਤੀ ਜਾਣੀ ਹੈ। ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਨੇ ਸਟਰਾਂਗ ਰੂਮ ਦੇ ਨਾਲ ਹੀ ਗਿਣਤੀ ਕੇਂਦਰ ਵੀ ਬਣਾ ਦਿੱਤੇ ਹਨ। ਉਮੀਦਵਾਰਾਂ ਨੂੰ ਵੀ ਹੁਣ 10 ਮਾਰਚ ਦੀ ਉਡੀਕ ਹੈ। ਲੁਧਿਆਣਾ ਜ਼ਿਲ੍ਹੇ ’ਚ ਸਭ ਤੋਂ ਦੇਰੀ ਨਾਲ ਨਤੀਜੇ ਵਿਧਾਨ ਸਭਾ ਹਲਕਾ ਗਿੱਲ ਦੇ ਆਉਣਗੇ। ਹਲਕਾ ਗਿੱਲ ਦੇ ਉਮੀਦਵਾਰਾਂ ਨੂੰ ਨਤੀਜਿਆਂ ਲਈ ਦੇਰ ਤੱਕ ਉਡੀਕ ਕਰਨੀ ਪਵੇਗੀ। ਇਸ ਪਿੱਛੇ ਕਾਰਨ ਹੈ ਕਿ ਇਸ ਹਲਕੇ ’ਚ ਸਭ ਤੋਂ ਜ਼ਿਆਦਾ ਵੋਟਰ ਹਨ ਤੇ ਸਭ ਤੋਂ ਜ਼ਿਆਦਾ ਪੋਲਿੰਗ ਬੂਥ ਇਸੇ ਹਲਕੇ ’ਚ ਬਣੇ ਸਨ। ਹਲਕਾ ਗਿੱਲ ’ਚ ਕੁੱਲ 2.73 ਲੱਖ ਵੋਟਰ ਹਨ ਤੇ ਵੋਟ ਪਾਉਣ ਲਈ ਇੱਥੇ 307 ਬੂਥ ਬਣਾਏ ਗਏ ਸਨ। ਇਹੀ ਨਹੀਂ ਇਸੇ ਹਲਕੇ ’ਚ ਸਭ ਤੋਂ ਜ਼ਿਆਦਾ 1.83 ਲੱਖ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਗਿਣਤੀ ਦੌਰਾਨ ਸਭ ਤੋਂ ਜ਼ਿਆਦਾ ਈਵੀਐੱਮ ਮਸ਼ੀਨਾਂ ਇਸੇ ਹਲਕੇ ਦੀਆਂ ਖੁੱਲ੍ਹਣਗੀਆਂ, ਕਿਉਂਕਿ ਇਸ ਹਲਕੇ ’ਚ ਸਭ ਤੋਂ ਜ਼ਿਆਦਾ ਬੂਥ ਹਨ। ਇਸ ਤੋਂ ਬਾਅਦ ਸਾਹਨੇਵਾਲ ਹਲਕੇ ’ਚ 289 ਬੂਥ ਬਣਾਏ ਗਏ ਸਨ ਤੇ ਇਸ ਹਲਕੇ ’ਚ ਵੀ 1.78 ਲੱਖ ਵੋਟ ਪੋੋਲ ਹੋਈ ਸੀ। ਇਸ ਹਲਕੇ ’ਚ ਵੀ ਗਿਣਤੀ ਵਿੱਚ ਕਾਫ਼ੀ ਸਮਾਂ ਲੱਗੇਗਾ, ਕਿਉਂਕਿ ਹਲਕੇ ’ਚ ਉਮੀਦਵਾਰ ਜ਼ਿਆਦਾ ਹੋਣ ਕਾਰਨ 2-2 ਈਵੀਐਮ ਮਸ਼ੀਨਾਂ ਲਾਈਆਂ ਗਈਆਂ ਸਨ।
ਹਲਕਾ ਆਤਮ ਨਗਰ ਦੇ ਨਤੀਜੇ ਸਭ ਤੋਂ ਪਹਿਲਾਂ ਆਉਣਗੇ, ਕਿਉਂਕਿ ਇਸ ਹਲਕੇ ’ਚ ਘੱਟ ਪੋਲਿੰਗ ਸਟੇਸ਼ਨ ਸਨ। ਆਤਮ ਨਗਰ ’ਚ 170 ਬੂਥ ਬਣੇ ਸਨ ਤੇ ਇੱਥੇ ਕਰੀਬ 1.04 ਲੱਖ ਵੋਟਰਾਂ ਨੇ ਵੋਟ ਪਾਈ ਹੈ। ਅਫ਼ਸਰਾਂ ਦੀ ਮੰਨੀਏ ਤਾਂ ਹਲਕਾ ਆਤਮ ਨਗਰ, ਲੁਧਿਆਣਾ ਦੱਖਣੀ, ਕੇਂਦਰੀ ’ਚ ਗਿਣਤੀ ਦੇ 10 ਦੌਰ ਹੀ ਚੱਲਣਗੇ, ਜਦੋਂ ਕਿ ਗਿੱਲ ਅਤੇ ਸਾਹਨੇਵਾਲ ’ਚ 15 ਤੋਂ ਜ਼ਿਆਦਾ ਪੜਾਅ ਹੋਣਗੇ। ਸ਼ਹਿਰੀ ਹਲਕਿਆਂ ’ਚ ਵੋਟਾਂ ਵੀ ਘੱਟ ਹੋਈਆਂ ਹਨ ਤੇ ਬੂਥ ਵੀ ਘੱਟ ਹਨ। ਅਜਿਹੇ ’ਚ ਸ਼ਹਿਰੀ ਹਲਕਿਆਂ ਦੇ ਨਤੀਜੇ ਪਿੰਡਾਂ ਨਾਲੋਂ ਪਹਿਲਾਂ ਆਉਣਗੇ।
ਨਤੀਜਿਆਂ ਤੋਂ ਪਹਿਲਾਂ ਵਿਧਾਇਕ ਵਜੋਂ ਵਿਚਰਨ ਲੱਗੇ ਉਮੀਦਵਾਰ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਭਾਵੇਂ ਇਸ ਇਲਾਕੇ ਵਿੱਚ ਚੋਣਾਂ ਦੇ ਨਤੀਜਿਆਂ ਬਾਰੇ ਕੋਈ ਠੋਸ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਸਾਰੇ ਹੀ ਉਮੀਦਵਾਰਾਂ ਨੇ ਵਿਧਾਇਕ ਦੇ ਤੌਰ ’ਤੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਦੇ ਸਮਰਥਕ ਵੀ ਹੁਣ ਆਪਣੇ ਆਪ ਨੂੰ ਬਤੌਰ ਪੀਏ ਜਾਂ ਓਐੱਸਡੀ ਵਜੋਂ ਪੇਸ਼ ਕਰਨ ਲੱਗੇ ਹਨ। ਕਈ ਉਮੀਦਵਾਰਾਂ ਨੇ ਤਾਂ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਤੌਰ ਤਰੀਕੇ ਬਦਲਣ ਦੀਆਂ ਚਿਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ਤੋਂ ਬਾਅਦ ਆਪਣੀ ਡਿਊਟੀ ’ਤੇ ਪਹੁੰਚੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਰੋਜ਼ਾਨਾ ਕੰਮ ਵਿੱਚ ਆਈ ਕੁਝ ਖੜੌਤ ਨੂੰ ਛੇਤੀ ਸਹੀ ਕਰਨ ਸਬੰਧੀ ਉਨ੍ਹਾਂ ਨੂੰ ਵੱਖ-ਵੱਖ ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਚਿਤਾਵਨੀਆਂ ਦਿੱਤੀਆਂ ਗਈਆਂ, ਜਿਸ ਤਰ੍ਹਾਂ ਉਹ ਪਹਿਲਾਂ ਹੀ ਵਿਧਾਇਕ ਬਣ ਗਏ ਹੋਣ। ਉਮੀਦਵਾਰਾਂ ਤੋਂ ਵੱਧ ਉਨ੍ਹਾਂ ਦੇ ਸਮਰਥਕਾਂ ਦੇ ਫੋਨ ਪੀਏ ਅਤੇ ਓਐਸਡੀ ਵਜੋਂ ਸਰਕਾਰੀ ਅਧਿਕਾਰੀਆਂ ਨੇ ਸੁਣੇ ਹਨ। ਹਲਕਾ ਅਮਰਗੜ੍ਹ ਦੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਰਵਿੰਦਰ ਵਡੇਰਾ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪਾਰਟੀ ਦੇ ਵਰਕਰ ਕੰਮ ਕਰਵਾਉਣ ਲਈ ਉਨ੍ਹਾਂ ਕੋਲ ਆਉਂਦੇ ਹਨ। ਰਵਿੰਦਰ ਵਡੇਰਾ ਨੇ ਦਾਅਵਾ ਕੀਤਾ ਕਿ ਜਸਵੰਤ ਸਿੰਘ ਗੱਜਣਮਾਜਰਾ ਨੇ ਉਨ੍ਹਾਂ ਨੂੰ ਆਪਣੇ ਸਹਾਇਕਾਂ ਵਿੱਚ ਰੱਖਣ ਦੀ ਪੇਸ਼ਕਸ਼ ਕੀਤੀ ਹੈ ਪਰ ਉਹ ਅਗਲੇਰੀ ਜ਼ਿੰਮੇਵਾਰੀ ਲਈ ਸਿਰਫ਼ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜਾਂ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੂੰ ਹੀ ਮਿਲਣਗੇ ਕਿਉਂਕਿ ਆਮ ਆਦਮੀ ਪਾਰਟੀ ਵਿਧਾਇਕ ਨਾਲੋਂ ਵੱਧ ਵਾਲੰਟੀਅਰ ਨੂੰ ਅਹਿਮੀਅਤ ਦਿੰਦੀ ਹੈ। ਉਕਤ ਰੁਝਾਨ ਨੂੰ ਜਾਇਜ਼ ਕਰਾਰ ਦਿੰਦਿਆਂ ਸੀਪੀਐੱਮ ਆਗੂ ਸਿਕੰਦਰ ਸਿੰਘ ਜੜਤੌਲੀ ਨੇ ਕਿਹਾ ਕਿ ਜੇ ਕੋਈ ਉਮੀਦਵਾਰ ਚੋਣ ਵਿੱਚ ਅਸਫ਼ਲ ਵੀ ਹੋ ਜਾਂਦਾ ਹੈ ਤਾਂ ਉਹ ਲੋਕਾਂ ਦੀ ਨੁਮਾਇੰਦਗੀ ਤਾਂ ਫੇਰ ਵੀ ਕਰਦਾ ਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਗਿੱਲ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਦੀ ਚੋਣ ਮੁਹਿੰਮ ਦੌਰਾਨ ਜਿਹੜੇ ਵਾਅਦੇ ਉਨ੍ਹਾਂ ਨੇ ਆਪਣੇ ਵੋਟਰਾਂ ਨਾਲ ਕੀਤੇ ਹਨ ਉਹ ਪੂਰੇ ਕਰਨ ਲਈ ਉਨ੍ਹਾਂ ਦੀ ਟੀਮ ਪੰਜ ਸਾਲ ਸਰਗਰਮ ਰਹੇਗੀ ਭਾਵੇਂ ਉਨ੍ਹਾਂ ਦਾ ਉਮੀਦਵਾਰ ਨਾ ਵੀ ਜਿੱਤੇ।