ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਨਵੰਬਰ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬ ਪੁਨਰ-ਗਠਨ’ ਦਿਵਸ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ‘ਪੰਜਾਬ ਦੀ ਵੰਡ ਅਤੇ 1947 ਨਾਲ ਜੁੜੇ ਸਰੋਕਾਰ’ ਵਿਸ਼ੇ ਬਾਰੇ ਸਮਾਗਮ ਦੇ ਮੁੱਖ ਮਹਿਮਾਨ ਬੁੱਧ ਸਿੰਘ ਨੀਲੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਚਰਚਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ‘ਪੰਜਾਬ ਦਿਵਸ’ ਦੀ ਥਾਂ ਪੰਜਾਬ ਪੁਨਰ ਗਠਨ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ, ਕਿਉਂਕਿ ਪੰਜਾਬ ਦੀ ਇਕ ਵੱਡੀ ਭੂਗੋਲਿਕ ਇਤਿਹਾਸਕ ਯਾਤਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਸਮੇਂ ਸੱਤ ਦਰਿਆ ਵਹਿੰਦੇ ਰਹੇ ਹਨ ਅਤੇ ਪੰਜ ਦੁਆਬ ਖੇਤਰ ਰਹੇ ਹਨ। ਪਰ ਅੱਜ ਕੇਵਲ ਢਾਈ ਦਰਿਆ ਵਗ ਰਹੇ ਹਨ, ਜਿਨ੍ਹਾਂ ਵਿਚ ਵੀ ਗੰਧਲਾ ਪਾਣੀ ਵਹਿ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਲੋਕਾਈ ਨੂੰ ਹਰ ਸਮੇਂ ਸੱਤਾ ਆਪਣੇ ਅਨੁਸਾਰ ਇਸ ਦੀ ਹੱਦਬੰਦੀ ਕਰਦੀ ਆਈ ਹੈ। ਪੰਜਾਬ ਨੂੰ ਕਦੇ ਧਰਮ ਅਤੇ ਕਦੇ ਭਾਸ਼ਾ ਦੇ ਨਾਮ ’ਤੇ ਤਕਸੀਮ ਕੀਤਾ ਗਿਆ। ਅੱਜ ਪੰਜਾਬ ਵਿਚ ਪੰਜਾਬੀ ਭਾਸ਼ਾ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਅੱਜ ਪੰਜਾਬ ਵਿੱਚੋਂ ਵੱਡੇ ਪੱਧਰ ’ਤੇ ਹੋ ਰਿਹਾ ਪਰਵਾਸ ਪੰਜਾਬੀ ਭਾਸ਼ਾ ਨੂੰ ਆਉਣ ਵਾਲੇ ਸਮੇਂ ਵਿਚ ਵੱਡੀ ਢਾਅ ਲਾ ਸਕਦੀ ਹੈ। ਪੰਜਾਬੀਆਂ ਨੂੰ ਆਪਣੇ ਸਮੇਂ ਦੇ ਪੈਦਾ ਹੋ ਰਹੇ ਸੰਕਟ ਤੋਂ ਜਾਗਰੂਕ ਹੋਣਾ ਪਵੇਗਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਸੋਹੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਸਮੇਤ ਅਧਿਆਪਕਾਂ ਅਤੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਦਾ ਕਿਤਾਬਾਂ ਦਾ ਸੈੱਟ ਭੇਟ ਕਰ ਕੇ ਸਨਮਾਨ ਕੀਤਾ।