ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 12 ਮਾਰਚ
ਇਥੋਂ ਨੇੜਲੇ ਪਿੰਡ ਸੀਕਰੀ ਦੀ ਮੰਡੀ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਸਵੇਰੇ ਕਰੀਬ 9.30 ਵਜੇ ਅਚਾਨਕ ਝੁੱਗੀਆਂ ਵਿੱਚ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਭਿਆਅਕ ਰੂਪ ਧਾਰਨ ਕਰ ਗਈ। ਇਸ ਅੱਗ ਵਿੱਚ ਬਿਹਾਰ ਨਾਲ ਸਬੰਧਤ ਪਰਵਾਸੀ ਖੇਤ ਮਜ਼ਦੂਰਾਂ ਲੋਹਾ ਸਿੰਘ, ਰਾਮਜੀ, ਪ੍ਰਦੀਪ, ਛੋਟੂ ਰਾਮ, ਸਵਿੱਤਰੀ, ਆਰਤੀ, ਪ੍ਰਮੋਦ, ਸਰਵਣ ਅਤੇ ਪ੍ਰਭੂ ਦਿਆਲ ਸਮੇਤ 17 ਪਰਿਵਾਰਾਂ ਦੀਆਂ ਝੁੱਗੀਆਂ ਤਬਾਹ ਹੋ ਗਈਆਂ।
ਇਸ ਸਬੰਧੀ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਵੱਲੋਂ ਕਮਾਈ ਸਾਰੀ ਨਕਦੀ ਅਤੇ ਸਾਮਾਨ ਸੜ ਗਿਆ ਹੈ ਜਿਸ ਕਾਰਨ ਉਨ੍ਹਾਂ ਦਾ ਕਰੀਬ 8 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਸਰਪੰਚ ਸੇਵਾ ਸਿੰਘ ਨੇ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਦੀ ਮੰਗ ਕੀਤੀ।