ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਅਪਰੈਲ
ਇਥੋਂ ਦੇ ਬੱਸ ਅੱਡੇ ਤੋਂ ਰੋਜ਼ਾਨਾ ਬਿਹਾਰ, ਉੱਤਰ ਪ੍ਰਦੇਸ਼ ਸਣੇ ਹੋਰਨਾਂ ਰਾਜਾਂ ਵੱਲ ਗੈਰਕਾਨੂੰਨੀ ਤੌਰ ’ਤੇ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ ਵਿਚ ਤੂੜੀ ਵਾਂਗ ਭਰ ਕੇ ਲਿਜਾਇਆ ਜਾ ਰਿਹਾ ਹੈ, ਜਿਸ ਨੂੰ ਪ੍ਰਸ਼ਾਸਨ ਦੇਖ ਕੇ ਵੀ ਅਣਦੇਖਿਆ ਕਰ ਰਿਹਾ ਹੈ। ਇਨ੍ਹਾਂ ਬੱਸਾਂ ਵਿਚ ਸੈਂਕੜੇ ਮਜ਼ਦੂਰਾਂ ਨੂੰ ਭਰਿਆ ਜਾਂਦਾ ਹੈ ਅਤੇ ਟਰਾਂਸਪੋਰਟ ਧੰਦੇ ਨਾਲ ਜੁੜੇ ਲੋਕ ਪਿੰਡ-ਪਿੰਡ ਜਾ ਕੇ ਮਜ਼ਦੂਰਾਂ ਦੀ ਬੁਕਿੰਗ ਕਰ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਕਿਸੇ ਦਾ ਵਾਹਨ ਬਗੈਰ ਪਰਮਿਟ ਤੋਂ ਦੂਜੇ ਰਾਜ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪੈਂਦਾ ਹੈ, ਪਰ ਬੱਸਾਂ ਵਾਲੇ ਰੋਜ਼ਾਨਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ। ਜਾਣਕਾਰੀ ਅਨੁਸਾਰ ਟ੍ਰਾਂਸਪੋਰਟਰ ਨਾਲ ਜੁੜੇ ਵਰਕਰਾਂ ਵੱਲੋਂ ਵੱਖ-ਵੱਖ ਟਰਾਂਸਪੋਰਟਰਾਂ ਦੀਆਂ ਬੱਸਾਂ ਠੇਕੇ ’ਤੇ ਲੈ ਕੇ ਬਿਨਾਂ ਮਨਜ਼ੂਰੀ ਤੇ ਪਰਮਿਟ ਤੋਂ ਮਜ਼ਦੂਰਾਂ ਨੂੰ ਦੂਜੇ ਰਾਜਾਂ ਵਿਚ ਛੱਡਿਆ ਜਾ ਰਿਹਾ ਹੈ। ਇਨ੍ਹਾਂ ਬੱਸਾਂ ਵਿਚ ਕਰੋਨਾ ਨਿਯਮਾਂ ਦੀ ਕੋਈ ਪਾਲਣਾ ਨਹੀਂ ਕੀਤੀ ਜਾਂਦੀ ਨਾ ਹੀ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਬੱਸ ਅੱਡੇ ਵਿਚ ਟਰਾਂਸਪੋਰਟਰ ਮਾਲਕ ਸ਼ਰੇਆਮ ਕੁਰਸੀਆਂ ਢਾਹ ਕੇ ਮਜ਼ਦੂਰਾਂ ਦੀ ਬੁਕਿੰਗ ਕਰਦੇ ਹਨ।
ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀਐੱਸਪੀ
ਇਸ ਸਬੰਧੀ ਡੀਐੱਸਪੀ ਸਮਸ਼ੇਰ ਸਿੰਘ ਸ਼ੇਰਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਹਰ ਵਿਅਕਤੀ ਨੂੰ ਕਰਨੀ ਜ਼ਰੂਰੀ ਹੈ। ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਹ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਖਤ ਕਾਰਵਾਈ ਕੀਤੀ ਜਾਵੇਗੀ।