ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਫਰਵਰੀ
ਕੋਈ ਵੀ ਉਮੀਦਵਾਰ ਜਾਂ ਉਸ ਦਾ ਸਮਰਥਕ ਇਸ ਵਾਰ ਚੋਣ ਅਮਲੇ ਜਾਂ ਬੂਥਾਂ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਨਹੀਂ ਜਾਵੇਗਾ। ਇਹ ਡਿਊਟੀ ਹੁਣ ਮਿੱਡ-ਡੇਅ ਮੀਲ ਵਰਕਰ ਨਿਭਾਉਣਗੇ।ਉਹ ਇਹ ਖਾਣਾ ਬੱਚਿਆਂ ਨੂੰ ਦੇਣ ਵਾਲੇ ਰਾਸ਼ਨ ਵਿੱਚੋਂ ਨਹੀਂ ਬਣਾਾਉਣਗੇ। ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਨੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸਬੰਧਤ ਸਟਾਫ਼ ਲਈ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਚਾਹ, ਨਾਸ਼ਤਾ ਅਤੇ ਖਾਣਾ ਮੁਹੱਈਆ ਕਰਵਾਉਣ। ਭਾਵੇਂ ਲਾਭਪਾਤਰੀਆਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਮਿੱਥੇ ਗਏ ਰੇਟ ਅਨੁਸਾਰ ਦੋਵਾਂ ਦਿਨਾਂ ਦੇ ਖਾਣੇ ਤੇ ਨਾਸ਼ਤੇ ਆਦਿ ਦੇ ਪੈਸੇ ਸ਼ਨਿਚਰਵਾਰ ਨੂੰ ਆਉਂਦੇ ਸਾਰ ਸਕੂਲ ਸਟਾਫ਼ ਕੋਲ ਜਮ੍ਹਾਂ ਕਰਵਾ ਦੇਣ ਪਰ ਇੱਥੋਂ ਦੇ ਸਕੂਲਾਂ ਦੇ ਮੁਖੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਹਰ ਹਾਲ ਵਿੱਚ ਸਟਾਫ਼ ਨੂੰ ਜ਼ਰੂਰਤ ਅਨੁਸਾਰ ਖਾਣਾ ਤਿਆਰ ਕਰਕੇ ਦੇਣਗੇ ਭਾਵੇਂ ਉਹ ਅਦਾਇਗੀ ਕਰਨ ਜਾਂ ਨਾ। ਐੱਸਡੀਐੱਮ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਡੀਸੀ ਮਾਲੇਰਕੋਟਲਾ ਮਾਧਵੀ ਕਟਾਰੀਆ ਦੇ ਹੁਕਮਾਂ ਅਨੁਸਾਰ ਹਲਕਾ ਅਮਰਗੜ੍ਹ ਦੇ ਸਾਰੇ ਬੂਥਾਂ ’ਤੇ ਤਾਇਨਾਤ ਹੋਣ ਵਾਲੇ ਅਮਲੇ ਲਈ ਖਾਣਾ ਆਦਿ ਤਿਆਰ ਕਰਨ ਲਈ ਸਾਰੇ ਸਕੂਲ ਮੁਖੀਆਂ ਨੂੰ ਕਹਿ ਦਿੱਤਾ ਗਿਆ ਹੈ। ਪ੍ਰਿੰਸੀਪਲ ਗਾਂਧੀ ਸਕੂਲ ਵਿਨੇ ਗੋਇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਲੋੜੀਂਦੇ ਇੰਤਜ਼ਾਮ ਕਰਵਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਅਲਾਟ ਕੀਤੇ ਸਤਾਰਾਂ ਬੂਥਾਂ ਨੂੰ ਦੋਵੇਂ ਦਿਨ ਚਾਹ, ਨਾਸ਼ਤਾ ਤੇ ਖਾਣਾ ਤਿਆਰ ਕਰਕੇ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਅਦਾਇਗੀ ਮਿਲੇ ਜਾਂ ਨਾ।