ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਕਤੂਬਰ
ਪੰਜਾਬ ਸਰਕਾਰ ਦੇ ਸੈਂਕੜੇ ਮਿੱਡ-ਡੇਅ ਮੀਲ ਵਰਕਰਾਂ ਨੂੰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਪਰ ਹੁਣ ਸਾਹਮਣੇ ਆਇਆ ਕਿ ਸਕੂਲਾਂ ਵਿੱਚ ਦੂਜੇ ਰਾਜਾਂ ਦੀ ਤਰਜ਼ ’ਤੇ ਤਿਥੀ ਭੋਜਨ ਦੇਣ ਲਈ ਦਾਨੀ ਸੱਜਣ ਲੱਭਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬੀਪੀਈਓ ਮਾਂਗਟ-1 ਰਮਨਜੀਤ ਸੰਧੂ ਨੇ ਕਿਹਾ ਕਿ ਜਦੋਂ ਹੀ ਤਨਖਾਹ ਦੀ ਰਾਸ਼ੀ ਆਵੇਗੀ, ਮੁਲਾਜ਼ਮਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਸਕੂਲਾਂ ਵਿੱਚ ਮਿੱਡ-ਡੇਅ ਮੀਲ ਦਾ ਖਾਣਾ ਤਿਆਰ ਕਰਨ ਵਾਲੇ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਅਧਿਆਪਕ ਜਥੇਬੰਦੀ ਡੀਟੀਐਫ ਦਾ ਕਹਿਣਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਫਿਕਸ ਤਨਖਾਹਾਂ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ ਜਾਣਗੀਆਂ, ਪਰ ਇਹ ਸਰਕਾਰ ਆਉਣ ’ਤੇ ਮਿਡ-ਡੇਅ ਵਰਕਰ ਆਪਣੀ ਪਹਿਲੀ ਤਨਖਾਹ ਨੂੰ ਹੀ ਪਿਛਲੇ ਕਈ ਮਹੀਨਿਆਂ ਤੋਂ ਉਡੀਕ ਰਹੇ ਹਨ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਮਨਜੀਤ ਕੌਰ, ਵਿਦਿਆਵਤੀ, ਜਸਪ੍ਰੀਤ ਕੌਰ, ਮਨਦੀਪ ਕੌਰ, ਜੋਤੀ ਅਤੇ ਸੁਨੀਤਾ ਆਦਿ ਨੇ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਹਨ। ਇਸ ਲਈ ਉਨ੍ਹਾਂ ਦੀ ਤਨਖਾਹ ਛੇਤੀ ਜਾਰੀ ਕੀਤੀ ਜਾਵੇ।