ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ‘ਗਰੀਨ ਦੀਵਾਲੀ ਮਹਾਉਤਸਵ’ ਮਨਾਇਆ ਗਿਆ। ਵਿਦਿਆਰਥੀਆਂ ਨੇ ਸਕੂਲ ਵਿੱਚ ਰੰਗੋਲੀ ਤਿਆਰ ਕੀਤੀ ਅਤੇ ਰੈਲੀ ਰਾਹੀਂ ਪ੍ਰਦੂਸ਼ਣ ਅਤੇ ਪਟਾਖੇ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਹਰੀ ਦੀਵਾਲੀ ਮਨਾਉਣ ਦੇ ਮੰਤਵ ਨਾਲ ਸਕੂਲ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਬੂਟੇ ਵੀ ਵੰਡੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੁੰਦਰ ਲੈਂਪ, ਫੁੱਲਦਾਨ, ਫੋਟੋ ਫਰੇਮ, ਦੀਵੇ ਆਦਿ ਵੀ ਤਿਆਰ ਕੀਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ, ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਏ.ਐਸ ਕਾਲਜ ਫਾਰ ਵੂਮੈਨ ਵਿੱਚ ਹਿੰਦੀ ਵਿਭਾਗ ਅਤੇ ਐੱਨ.ਸੀ.ਸੀ ਵਾਲੰਟੀਅਰਾਂ ਵੱਲੋਂ ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਹੇਠਾਂ ‘ਗਰੀਨ ਦੀਵਾਲੀ’ ਮਨਾਈ ਗਈ। ਵਿਦਿਆਰਥੀਆਂ ਤੇ ਅਧਿਆਪਕਾ ਨੇ ਕੈਂਪਸ ਵਿਚ 100 ਬੂਟੇ ਲਾਉਂਦਿਆਂ ਪਟਾਕਿਆਂ ਨਾ ਚਲਾਉਣ ਦਾ ਅਤੇ ਬੂਟੇ ਲਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਅਹਿਦ ਕੀਤਾ। ਡਾ.ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਆਪਣਾ ਵਾਤਾਵਰਣ ਬਚਾਉਣਾ ਚਾਹੀਦਾ ਹੈ ਅਤੇ ਰਿਸ਼ਤੇਦਾਰਾਂ ਨੂੰ ਵੀ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਇਸੇ ਦੌਰਾਨ ਪਿੰਡ ਰਾਮਗੜ੍ਹ (ਨਵਾਂ ਪਿੰਡ) ਦੇ ਸਰਕਾਰੀ ਮਿਡਲ ਸਮਾਰਟ ਸਕੂਲ ਵਿੱਚ ਡਾ. ਬਲਰਾਮ ਸ਼ਰਮਾ ਦੀ ਅਗਵਾਈ ਹੇਠਾਂ ਦੀਵਾਲੀ ਸਬੰਧੀ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਬਾਬਾ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਸਿੱਖਿਆ ਸਾਸ਼ਤਰੀ ਲੋਕਨਾਥ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੀਵਾਲੀ ਮੌਕੇ ਘਰੇਲੂ ਪਕਵਾਨ ਬਣਾ ਕੇ ਖਾਣ ਅਤੇ ਬੂਟੇ ਲਾਉਣ ਬਾਰੇ ਪ੍ਰੇਰਿਆ। ਵਿਦਿਆਰਥੀਆਂ ਨੇ ਭਾਸ਼ਨ, ਗੀਤ, ਕਵਿਤਾਵਾਂ ਤੇ ਸਕਿੱਟਾਂ ਦੀ ਪੇਸ਼ਕਾਰੀ ਕਰਦਿਆਂ ਪ੍ਰਦੂਸ਼ਣ ਰਹਿਤ ਕਲੀਨ ਤੇ ਗ੍ਰੀਨ ਦੀਵਾਲੀ ਮਨਾਉਣ ਸਬੰਧੀ ਇਕ ਪ੍ਰਦਰਸ਼ਨੀ ਲਾਈ। ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਦੋਰਾਹਾ (ਪੱਤਰ ਪ੍ਰੇਰਕ): ਇਥੋਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਨੇ ਆਰਟੀਕਲ, ਕਵਿਤਾਵਾਂ, ਲੋਕ ਗੀਤ, ਕੋਰੀਓਗ੍ਰਾਫੀ, ਨਾਟਕ, ਡਾਂਸ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ‘ਆਓ ਗ੍ਰੀਨ ਦੀਵਾਲੀ ਮਨਾਈਏ’ ਸਬੰਧੀ ਨਾਟਕ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆ ਨੇ ਧੂੰਆ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਾ ਨਾਟਕ ਪੇਸ਼ ਕੀਤਾ। ਮੁੱਖ ਅਧਿਆਪਕਾ ਗਗਨਦੀਪ ਕੌਰ ਨੇ ਵਿਦਿਆਰਥੀਆਂ, ਅਧਿਆਪਕਾ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।