ਗੁਰੂਸਰ ਸੁਧਾਰ: ਪਿੰਡ ਐਤੀਆਣਾ ਦੇ ਸਰਕਾਰੀ ਹਾਈ ਸਕੂਲ ਵਿੱਚ ਇੱਕ ਸਮਾਗਮ ਦੌਰਾਨ ਜਨਤਕ ਖੇਤਰ ਦੀ ਬੀਮਾ ਕੰਪਨੀ ਐੱਲਆਈਸੀ ਵੱਲੋਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਅੱਵਲ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬੀਮਾ ਕੰਪਨੀ ਦੇ ਜਗਰਾਉਂ ਸ਼ਾਖਾ ਦੇ ਮੈਨੇਜਰ ਸੁਰੇਂਦਰ ਮਹਾਜਨ ਅਤੇ ਰਾਏਕੋਟ ਸ਼ਾਖਾ ਦੇ ਮੈਨੇਜਰ ਸੁਭਰਾਂਸ਼ੂ ਨਾਇਕ ਸਮੇਤ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਅਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਦੌਰਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਅਤੇ ਸਰਪੰਚ ਲਖਵੀਰ ਸਿੰਘ ਵੱਲੋਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਗੁਰਮੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਮੁੱਖ ਅਧਿਆਪਕ ਹਰਪ੍ਰੀਤ ਕੌਰ ਸਮੇਤ ਸਕੂਲ ਸਟਾਫ਼ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ