ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਮਈ
ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲਿਆਂ ਲਈ ਅੱਜ ਦਾਖ਼ਲਾ ਪ੍ਰੀਖਿਆ ਲਈ ਗਈ। ਲੁਧਿਆਣਾ ਵਿੱਚ ਬਣੇ ਪੰਜ ਪ੍ਰੀਖਿਆ ਕੇਂਦਰਾਂ ਵਿੱਚ 1519 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ। ਡੀਈਓ ਸੈਕੰਡਰੀ ਜਸਵਿੰਦਰ ਕੌਰ ਨੇ ਪ੍ਰੀਖਿਆ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਵੱਲੋਂ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਵਧੀਆ ਪੜ੍ਹਾਈ ਸਹੂਲਤਾਂ ਦੇਣ ਦੇ ਮਕਸਦ ਨਾਲ 10 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸਨ। ਇਨ੍ਹਾਂ ਸਕੂਲਾਂ ਵਿੱਚ 11ਵੀਂ ਜਮਾਤ ’ਚ ਦਾਖ਼ਲੇ ਲਈ ਅੱਜ ਦਾਖ਼ਲਾ ਪ੍ਰੀਖਿਆ ਲਈ ਗਈ। ਇਸ ਸਬੰਧੀ ਲੁਧਿਆਣਾ ਜ਼ਿਲ੍ਹੇ ਵਿੱਚ ਪੰਜ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪੂਰੇ ਜ਼ਿਲ੍ਹੇ ਵਿੱਚ ਪ੍ਰੀਖਿਆ ਲਈ 1757 ਵਿਦਿਆਰਥੀਆਂ ਨੇ ਫਾਰਮ ਭਰੇ ਸਨ ਜਿਨ੍ਹਾਂ ਵਿੱਚੋਂ ਅੱਜ ਪੰਜਾਂ ਸੈਂਟਰਾਂ ਵਿੱਚ ਕੁੱਲ 1519 ਵਿਦਿਆਰਥੀ ਪ੍ਰੀਖਿਆ ਦੇਣ ਪਹੁੰਚੇ। ਇਸ ਪ੍ਰੀਖਿਆ ਵਿੱਚੋਂ ਮੈਰਿਟ ਦੇ ਅਧਾਰ ’ਤੇ ਦਾਖਲੇ ਕੀਤੇ ਜਾਣਗੇ। ਮੈਰੀਟੋਰੀਅਸ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ ਨੇ ਦੱਸਿਆ ਕਿ ਸਕੂਲ ਵਿੱਚ ਕੁੱਲ 500 ਸੀਟਾਂ ਹਨ ਜਿਨ੍ਹਾਂ ਵਿੱਚੋਂ ਕਾਮਰਸ ਦੀਆਂ 100, ਮੈਡੀਕਲ ਦੀਆਂ 100 ਅਤੇ ਨਾਨ-ਮੈਡੀਕਲ ਦੀਆਂ 300 ਸੀਟਾਂ ਹਨ।