ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਜੁਲਾਈ
ਪ੍ਰਾਈਵੇਟ ਸੈਕਟਰ ਦੇ ਬੈਂਕ ਐੱਚਡੀਐੱਫਸੀ ਦੀ ਸ਼ਾਖਾ ਵਿੱਚ ਛੋਟੀ ਕਰੰਸੀ ਲੈਣ ਦੀ ਮਨਾਹੀ ਤੋਂ ਵਪਾਰੀ ਪ੍ਰੇਸ਼ਾਨ ਹਨ। ਮਦਨ ਕਰਿਆਨਾ ਸਟੋਰ ਦੇ ਅਜੈ ਮਿੱਤਲ, ਜਤਿੰਦਰ ਵਿਜ, ਅਜੈ ਛਾਹੜੀਆ, ਰਾਜੇਸ਼ ਕੁਮਾਰ ਅਤੇ ਪੁਨੀਤ ਅਰੋੜਾ ਨੇ ਕਿਹਾ ਕਿ ਉਹ ਜਦੋਂ ਵੀ ਬੈਂਕ ਦੀ ਖੰਨਾ ਬ੍ਰਾਂਚ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾਂਦੇ ਹਨ ਤਾਂ ਕੈਸ਼ ਕਾਊਂਟਰ ’ਤੇ 10 ਰੁਪਏ ਦੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਦਾ ਰਵੱਈਆ ਠੀਕ ਨਾ ਹੋਇਆ ਤਾਂ ਸਾਂਝੇ ਤੌਰ ’ਤੇ ਬੈਂਕ ਦਾ ਬਾਈਕਾਟ ਕਰਕੇ ਹੋਰ ਬੈਂਕ ਵਿੱਚ ਖਾਤੇ ਖੋਲ੍ਹੇ ਜਾਣਗੇ। ਇਸ ਸਬੰਧੀ ਬੈਂਕ ਮੈਨੇਜਰ ਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਬੈਂਕ ਵੱਲੋਂ ਛੋਟੇ ਕਰੰਸੀ ਨੋਟ ਲੈਣ ਤੋਂ ਮਨ੍ਹਾ ਨਹੀਂ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੁਝ ਦਿਨਾ ਤੱਕ ਛੋਟੇ ਨੋਟ ਨਾ ਲਿਆਉਣ ਦੀ ਮੰਗ ਕੀਤੀ ਗਈ ਸੀ।