ਗੁਰਿੰਦਰ ਸਿੰਘ
ਲੁਧਿਆਣਾ, 30 ਅਕਤੂਬਰ
ਸੰੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਕਹਿਰ ਨੂੰ ਵੇਖਦਿਆਂ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਹਸਪਤਾਲ ਦੀ ਐਮਰਜੈਂਸੀ ਵਿੱਚ ਇੱਕ ਵੀ ਡਾਕਟਰ ਡਿਊਟੀ ’ਤੇ ਹਾਜ਼ਰ ਨਾ ਹੋਣ ’ਤੇ ਉਹ ਭੜਕ ਪਏ।
ਹਸਪਤਾਲ ’ਚ ਡਾਕਟਰਾਂ ਦੀ ਗ਼ੈਰ-ਮੌਜੂਦਗੀ ਅਤੇ ਸਫ਼ਾਈ ਵਿਵਸਥਾ ਦੇ ਮੰਦੇ ਹਾਲ ਨੂੰ ਵੇਖਦਿਆਂ ਸ੍ਰੀ ਬਿੱਟੂ ਨੇ ਤੁਰੰਤ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਫ਼ੋਨ ’ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਉਂਦਿਆਂ ਖਰੀਆਂ-ਖੋਟੀਆਂ ਸੁਣਾਈਆਂ। ਸੰਸਦ ਮੈਂਬਰ ਬਿੱਟੂ ਨੇ ਸਿਵਲ ਹਸਪਤਾਲ ਦੀ ਤਰਸਯੋਗ ਹਾਲਤ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕਰੋੜਾਂ ਦੇ ਇਸ਼ਤਿਹਾਰਾਂ ਰਾਹੀਂ ਪੰਜਾਬ ’ਚ ਆਮ ਆਦਮੀ ਕਲੀਨਿਕਾਂ ਰਾਹੀਂ ਬਿਹਤਰ ਸਿਹਤ ਸੇਵਾਵਾਂ ਦੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਇਨ੍ਹਾਂ ਫੋਕੇ ਇਸ਼ਤਿਹਾਰਾਂ ਨਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਨਾ ਤਾਂ ਡਾਕਟਰ ਹਨ ਅਤੇ ਨਾ ਹੀ ਦਵਾਈਆਂ ਉਪਲਬਧ ਹਨ। ਇਨ੍ਹਾਂ ਹੀ ਨਹੀਂ ਸਫ਼ਾਈ ਵਿਵਸਥਾ ਦਾ ਵੀ ਮਾੜਾ ਹਾਲ ਹੈ। ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਮੁਸ਼ਕਿਲਾਂ ਸੁਣੀਆਂ।
ਇਸ ਮਗਰੋਂ ਜਦੋਂ ਸੰਸਦ ਮੈਂਬਰ ਹਸਪਤਾਲ ਦੇ ਹੋਰਨਾਂ ਵਾਰਡਾਂ ਅਤੇ ਵੱਖ-ਵੱਖ ਥਾਵਾਂ ’ਤੇ ਬਣੇ ਪਖਾਨਿਆਂ ਦਾ ਨਿਰੀਖਣ ਕਰਨ ਗਏ ਤਾਂ ਚਾਰੇ ਪਾਸੇ ਗੰਦਗੀ ਦੇਖਣ ਨੂੰ ਮਿਲੀ। ਡੇਂਗੂ ਦੇ ਵਧ ਰਹੇ ਕਹਿਰ ਅਤੇ ਹਸਪਤਾਲ ’ਚ ਸਫ਼ਾਈ ਸਹੂਲਤਾਂ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਹਸਪਤਾਲ ਖ਼ੁਦ ਹੀ ਬਿਮਾਰ ਹਨ ਤਾਂ ਮਰੀਜ਼ਾਂ ਦਾ ਰੱਬ ਹੀ ਰਾਖਾ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੱਤਾ ਮਿਲਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਕੇ ਆਪਣਾ ਰਾਜ ਧਰਮ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੱਬ ਭਰੋਸੇ ਛੱਡ ਕੇ ਦੂਜੇ ਰਾਜਾਂ ਵਿੱਚ ਚੋਣਾਂ ਜਿੱਤਣ ਦੀਆਂ ਕੋਸ਼ਿਸ਼ ਸੂਬਾ ਵਾਸੀਆਂ ਦੇ ਹਿੱਤਾਂ ਦੀ ਬਲੀ ਦੇਣ ਦੀ ਕੋਸ਼ਿਸ਼ ਹਨ।