ਸਤਵਿੰਦਰ ਬਸਰਾ
ਲੁਧਿਆਣਾ, 9 ਫਰਵਰੀ
ਪੰਜਾਬੀ ਵਿਰਾਸਤ ਸਭਿਆਚਾਰਕ ਮੰਚ ਵੱਲੋਂ ਪੰਜਾਬੀ ਭਵਨ ਵਿੱਚ ਕਰਵਾਇਆ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਖਤਮ ਹੋ ਗਿਆ। ਚੇਅਰਮੈਨ ਸੁਰਿੰਦਰ ਸੇਠੀ ਦੀ ਅਗਵਾਈ ਵਿੱਚ ਕਰਵਾਇਆ ਇਹ ਮੇਲਾ ਜੈਵਿਕ ਖੇਤੀ ਵਿਗਿਆਨੀ, ਗੀਤਕਾਰ ਅਤੇ ਲੇਖਕ ਜਸਵੀਰ ਘੁਲਾਲ ਨੂੰ ਸਮਰਪਿਤ ਸੀ।
ਮੇਲੇ ਦੀ ਸਰਪ੍ਰਸਤੀ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਸੁਰੇਸ਼ ਯਮਲਾ ਜੱਟ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਕਮਲਜੀਤ ਕੌਰ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਗਾਇਕ ਸੁਰਿੰਦਰ ਸਿੰਘ ਛਿੰਦਾ, ਹਰਪ੍ਰੀਤ ਸਿੰਘ ਘੁਲਾਲ ਅਤੇ ਅਮਰਜੀਤ ਚੰਦਰ ਸੁਸ਼ੋਭਿਤ ਸਨ। ਮੇਲੇ ਦਾ ਉਦਘਾਟਨ ਰਫੀ ਸਾਈਂ ਕਠਾਰ ਵਾਲਿਆਂ ਨੇ ਕੀਤਾ ਜਦਕਿ ਸ਼ੁਰੂਆਤ ਜਸਵੰਤ ਭੰਵਰਾ ਅਤੇ ਪ੍ਰੋ. ਮੋਹਨ ਸਿੰਘ ਦੇ ਬੁੱਤਾਂ ’ਤੇ ਫੁੱਲ ਮਾਲਾਵਾਂ ਪਾ ਕੇ ਢੋਲ, ਗਿੱਧੇ-ਭੰਗੜੇ, ਗੱਤਕਾ ਅਤੇ ਬੋਲੀਆਂ ਰਾਹੀਂ ਕੀਤੀ ਗਈ। ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਪਾਲੀ ਦੇਤਵਾਲੀਆ, ਗੁਲਸ਼ਨ ਕੋਮਲ, ਘੁੱਲਾ ਸਰਹਾਲੇ ਵਾਲਾ, ਮਦਨ ਜਲੰਧਰੀ, ਸਰਬਜੀਤ ਚਿਮਟੇ ਵਾਲੀ, ਰਜਿੰਦਰ ਮਲਹਾਰ, ਗੁਰਕੀਰਤ ਕੌਰ ਰਾਏ, ਰਿਹਾਨਾ ਭੱਟੀ, ਗੁਲਜ਼ਾਰ ਸਿੰਘ ਪੰਧੇਰ, ਸਰਬਜੀਤ ਸਿੰਘ ਵਿਰਦੀ, ਰਵਿੰਦਰ ਬੱਗਾ, ਸੁਰਿੰਦਰ ਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬੀ ਵਿਰਾਸਤੀ ਸਭਿਆਚਾਰਕ ਮੰਚ ਦਾ ਝੰਡਾ ਵਿਸ਼ਵ ਓਲੰਪਿਕ ਦੀ ਤਰਜ਼ ’ਤੇ ਘੁਮਾਇਆ ਗਿਆ ਜਿਸ ਦੀ ਅਗਵਾਈ ਸੁਰੇਸ਼ ਯਮਲਾ ਜੱਟ ਨੇ ਕੀਤੀ। ਇਸ ਮੌਕੇ ਜਸਵੀਰ ਘੁਲਾਲ ਦੀ ਜੀਵਨੀ ’ਤੇ ਪਰਚਾ ਪੜ੍ਹਨ ਦੀ ਰਸਮ ਪੰਜਾਬੀ ਵਿਰਸਾ ਨੜਾਰੀ ਵਿਕਾਸ ਮੰਚ ਦੀ ਪ੍ਰਧਾਨ ਸੁਰਿੰਦਰ ਕੌਰ ਬਾੜਾ ਨੇ ਨਿਭਾਈ। ਦੂਜਾ ਪਰਚਾ ਅਮਰਜੀਤ ਸਿੰਘ ਸ਼ੇਰਪੁਰ ਦੀ ਜੀਵਨੀ ’ਤੇ ਅਧਾਰਤ ਸੀ ਜੋ ਸਰਬਜੀਤ ਸਿੰਘ ਵਿਰਦੀ ਨੇ ਪੜ੍ਹਿਆ। ਮੇਲੇ ਦੌਰਾਨ ਬੱਚਿਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।