ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਸਤੰਬਰ
ਬੀਤੇ ਤਿੰਨ ਦਿਨਾਂ ਤੱਕ ਠਰੰਮੇ ਨਾਲ ਭਰਦਾ ਰਿਹਾ ਮੇਲਾ ਛਪਾਰ ਅੱਜ ਸਰਕਾਰੀ, ਪ੍ਰਾਈਵੇਟ ਅਤੇ ਵਪਾਰਿਕ ਅਦਾਰਿਆਂ ਵਿੱਚ ਛੁੱਟੀ ਹੋਣ ਕਰ ਕੇ ਪੂਰੇ ਸਿਖਰ ’ਤੇ ਪਹੁੰਚ ਗਿਆ। ਕਿਸੇ ਵੇਲੇ ਮੇਲਾ ਛਪਾਰ ਦੀ ਖਿੱਚ ਰਹੇ ਕਾਟੋਆਂ, ਅਲਗੋਜ਼ਿਆਂ ਤੇ ਢੋਲਾਂ ਨਾਲ ਭੰਗੜਾ ਪਾਉਣ ਵਾਲੇ ਲੋਕ ਕਲਾਕਾਰ ਇਸ ਵਾਰ ਮੇਲੇ ਤੋਂ ਗਾਇਬ ਦੇਖੇ ਗਏ ਪਰ ਕੁਝ ਕਵੀਸ਼ਰ ਅਤੇ ਲੋਕ ਗਾਇਕ ਮੇਲੇ ਤੋਂ ਦੂਰ ਖੇਤਾਂ ਨੇੜੇ ਅਖਾੜੇ ਲਗਾ ਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਦੇਖੇ ਗਏ। ਰਾਮਪੁਰਾ ਫੂਲ ਇਲਾਕੇ ਤੋਂ ਆਈ ਇੱਕ ਪਾਰਟੀ ਦੇ ਮੁਖੀ ਮੁਲਖ਼ਰਾਜ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਇਤਿਹਾਸਕ ਮੇਲੇ ਦੀ ਸੱਭਿਆਚਾਰਕ ਅਤੇ ਵਿਰਾਸਤੀ ਹੋਂਦ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।
ਅੱਜ ਸਵੇਰ ਤੋਂ ਹੀ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੇ ਪਰਿਵਾਰਾਂ ਸਮੇਤ ਗੂਗਾ ਮਾੜੀ ’ਤੇ ਮੱਥਾ ਟੇਕਣ ਆਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਦਿਨ ਵੇਲੇ ਦੂਰ ਦੁਰਾਡਿਓਂ ਆਉਣ ਵਾਲੇ ਲੋਕਾਂ ਦੇ ਵਾਹਨਾਂ ਕਾਰਨ ਸ਼ਹਿਰ ਵਿੱਚ ਥਾਂ ਥਾਂ ’ਤੇ ਟਰੈਫਿਕ ਜਾਮ ਲੱਗਦੇ ਰਹੇ। ਮੇਲੇ ਵਾਲੀ ਥਾਂ ’ਤੇ ਤਾਇਨਾਤ ਤਿੰਨ ਸੌ ਦੇ ਕਰੀਬ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਡੀਐੱਸਪੀ ਗੁਰਇਕਬਾਲ ਸਿੰਘ ਅਤੇ ਐੱਸਐੱਚਓ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਪੁਲੀਸ ਦੀਆਂ ਵੱਖ ਵੱਖ ਟੀਮਾਂ ਨੂੰ ਸਾਰਾ ਦਿਨ ਇਲਾਕੇ ਵਿੱਚ ਵਾਧੂ ਸੁਰੱਖਿਆ ਪ੍ਰਬੰਧ ਕਰਨੇ ਪਏ।
ਸ਼ਰਧਾਲੂਆਂ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਹੋਣ ਕਰਕੇ ਖਾਣ ਪੀਣ ਅਤੇ ਖਿਡਾਉਣਿਆਂ ਵਾਲੀਆਂ ਸਟਾਲਾਂ ਤੋਂ ਇਲਾਵਾ ਝੂਲਿਆਂ, ਤਮਾਸ਼ਿਆਂ ਅਤੇ ਸਰਕਸਾਂ ਵਾਲਿਆਂ ਨੇ ਵੀ ਚੋਖੀ ਕਮਾਈ ਕੀਤੀ ਅਤੇ ਲੋਕਾਂ ਨੂੰ ਆਪਣੀ ਪਸੰਦ ਦੇ ਝੂਟੇ ਲੈਣ ਲਈ ਲਾਈਨਾਂ ਵਿੱਚ ਘੰਟਿਆਂ ਬੱਧੀ ਉਡੀਕ ਕਰਨੀ ਪਈ। ਮੇਲਾ ਇੰਚਾਰਜ ਅਤੇ ਐੱਸਡੀਐੱਮ ਕੁਲਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਮੇਲੇ ਦੌਰਾਨ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਦੇ ਵਾਪਰਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ।