ਜਸਬੀਰ ਸ਼ੇਤਰਾ
ਜਗਰਾਉਂ, 28 ਅਗਸਤ
ਪਿੰਡ ਸਿੱਧਵਾਂ ਕਲਾਂ ਵਿੱਚ ਅੱਜ ਰਾਜਸਥਾਨ ’ਚ ਇਕ ਦਲਿਤ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ‘ਦਲਿਤਾਂ ’ਤੇ ਅੱਤਿਆਚਾਰ ਬੰਦ ਕਰੋ’ ਅਤੇ ‘ਮਨੂਵਾਦੀ ਵਿਚਾਰ ਮੁਰਦਾਬਾਦ’ ਦੇ ਨਾਅਰੇ ਸੁਣਾਈ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਇੰਦਰ ਕੁਮਾਰ ਮੇਘਵਾਲ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪਿੰਡ ਵਿੱਚ ਰੋਸ ਮਾਰਚ ਵੀ ਕੀਤਾ।
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੀਤੇ ਗਈ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਜਾਤੀਵਾਦ, ਨਫ਼ਰਤ ਤੇ ਮਨੂਵਾਦੀ ਸੋਚ ਵਿੱਚ ਗ੍ਰਸਤ ਅਧਿਆਪਕ ਵੱਲੋਂ ਰਾਜਸਥਾਨ ਦੇ ਇਕ ਸਕੂਲ ਵਿੱਚ ਪੜ੍ਹਦੇ ਦਲਿਤ ਸਮਾਜ ਨਾਲ ਸਬੰਧਤ ਬੱਚੇ ਇੰਦਰ ਕੁਮਾਰ ਮੇਘਵਾਲ ਨੂੰ ਘੜੇ ’ਚੋਂ ਪਾਣੀ ਪੀਣ ’ਤੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਜਾਣਾ, ਅਜੋਕੇ ਸਮੇਂ ਵਿੱਚ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਦੀਆਂ ਬਾਅਦ ਵੀ ਕੁਝ ਲੋਕਾਂ ਦੀ ਘਟੀਆ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਜਥੇਬੰਦੀ ਨੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਨ ਮਗਰੋਂ ਇਸ ਘਟਨਾ ਦੇ ਦੋਸ਼ੀ ਅਧਿਆਪਕ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪਿੰਡ ਸਿੱਧਵਾਂ ਕਲਾਂ ਵਿੱਚ ਰੋਸ ਮੁਜ਼ਾਹਰਾ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਅਵਤਾਰ ਸਿੰਘ ਰਸੂਲਪੁਰ ਤੇ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਦਲਿਤਾਂ, ਆਦਿ ਵਾਸੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਫਿਰਕੂ-ਫਾਸ਼ੀ ਤੇ ਮਨੂਵਾਦੀ ਤਾਕਤਾਂ ਦਿਨ-ਰਾਤ ਨਫ਼ਰਤ ਦਾ ਜ਼ਹਿਰ ਫੈਲਾ ਕੇ ਲੋਕ ਮੁੱਦਿਆਂ ਤੋਂ ਧਿਆਨ ਭਟਕਾ ਰਹੀਆਂ ਹਨ ਤਾਂ ਜੋ ਕਾਰਪੋਰੇਟ ਪੱਖੀ ਰਾਜਭਾਗ ਦੀ ਉਮਰ ਨੂੰ ਲੰਬਾ ਕਰ ਸਕਣ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਜਮਹੂਰੀ ਭਾਰਤ ਦੇ ਵਿਦਿਆ ਮੰਦਰ ਅੰਦਰ ਜਾਤੀਵਾਦੀ ਨਫ਼ਰਤ ਤਹਿਤ ਦਲਿਤ ਵਿਦਿਆਰਥੀ ਦਾ ਕਤਲ ਦੇਸ਼ ਦੇ ਮੱਥੇ ’ਤੇ ਕਲੰਕ ਹੈ। ਕਿਰਨਜੀਤ ਕੌਰ ਅਤੇ ਹਾਕਮ ਸਿੰਘ ਨੇ ਮੰਗ ਕੀਤੀ ਕਿ ਦਲਿਤ ਵਿਦਿਆਰਥੀ ਇੰਦਰ ਕੁਮਾਰ ਮੇਘਵਾਲ ਦੇ ਕਾਤਲ ਅਧਿਆਪਕ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਜਸਵੀਰ ਕੌਰ, ਮੋਹਣੀ ਕੌਰ, ਦਰਸ਼ੀ ਸਿੰਘ ਆਦਿ ਹਾਜ਼ਰ ਸਨ।