ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਾਰਚ
ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੀ ਮੀਟਿੰਗ ਰੁਪਿੰਦਰਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੁਖਵਿੰਦਰ ਸਿੰਘ ਲੀਲ੍ਹ, ਰਮਨਜੀਤ ਸੰਧੂ, ਜਸਵੀਰ ਸਿੰਘ ਅਕਾਲਗੜ੍ਹ, ਹਰਜੀਤ ਕੌਰ, ਮਨਪ੍ਰੀਤ ਸਿੰਘ ਸਮਰਾਲਾ, ਹਰਿੰਦਰ ਸਿੰਘ ਅਤੇ ਜੰਗਪਾਲ ਸਿੰਘ ਰਾਏਕੋਟ ਹਾਜ਼ਰ ਹੋਏ। ਇਸ ਮੌਕੇ ਪੰਜਾਬ ਅਤੇ ਯੂ.ਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 7 ਮਾਰਚ ਨੂੰ ਪਟਿਆਲਾ ਸ਼ਹਿਰ ’ਚ ਹੋਣ ਜਾ ਰਹੀ ਮੁਲਾਜ਼ਮ ਰੈਲੀ ਵਿੱਚ ਕੱਚੇ ਕਾਮੇ, ਠੇਕਾ ਮੁਲਾਜ਼ਮ, ਮਿਡ-ਡੇਅ ਮੀਲ ਵਰਕਰ ਅਤੇ ਅਧਿਆਪਕ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਿਛਲੇ ਚਾਰਾਂ ਸਾਲਾਂ ਵਿੱਚ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲਗਾਤਾਰ ਨੁਕਰੇ ਲਗਾ ਕੇ ਰੱਖਣ ਕਾਰਨ ਮੁਲਾਜ਼ਮ ਵਰਗ ਵਿੱਚ ਗੁੱਸੇ ਦੀ ਲਹਿਰ ਹੈ।