ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਦਸੰਬਰ
ਅਜ਼ਾਦੀ ਦੀ ਲੜਾਈ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਭਾਰਤੀ ਮੁਸਲਮਾਨਾਂ ਦੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਕਾਰਜਕਾਰਨੀ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਮਜਲਿਸ ਅਹਿਰਾਰ ਦਾ ਕੌਮੀ ਪ੍ਰਧਾਨ ਚੁਣ ਲਿਆ ਹੈ। 10 ਸਤੰਬਰ ਨੂੰ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਇੰਤਕਾਲ ਤੋਂ ਬਾਅਦ ਗੁਲਾਮ ਹਸਨ ਕੈਸਰ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਮਜਲਿਸ ਅਹਿਰਾਰ ਦੇ ਮੁੱਖ ਦਫ਼ਤਰ ’ਚ ਅੱਜ ਸਰਬਸੰਮਤੀ ਨਾਲ ਨਾਲ ਇਹ ਚੋਣ ਕੀਤੀ ਗਈ ਹੈ। ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਮੁਖੀ ਵਜੋਂ ਅਹੁਦਾ ਸੰਭਾਲਦੇ ਹੋਏ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਸ਼ੁਕਰਗੁਜ਼ਾਰੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅਹਿਰਾਰ ਹਮੇਸ਼ਾਂ ਹੱਕ ਅਤੇ ਸੱਚ ਦੀ ਗੱਲ ਡੰਕੇ ਦੀ ਚੋਟ ’ਤੇ ਕਰਦੇ ਹਨ ਅਤ ਉਹ ਦੇਸ਼ ਦੇ ਗੱਦਾਰਾਂ ਦੇ ਨਾਲ-ਨਾਲ ਫ਼ਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਆਪਣਾ ਅੰਦੋਲਨ ਜਾਰੀ ਰੱਖਣਗੇ।