ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਮਾਰਚ
ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਯੂਕਰੇਨ ਵਿੱਚ ਕਰਨਾਟਕ ਦੇ ਇੱਕੀ ਸਾਲਾ ਵਿਦਿਆਰਥੀ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਰਨੈਲ ਸਿੰਘ ਗਿੱਲ, ਬਲਦੇਵ ਬਾਵਾ ਅਤੇ ਬਾਵਾ ਰਵਿੰਦਰ ਨੰਦੀ ਨੇ ਕਿਹਾ ਕਿ ਇਸ ਔਖੀ ਘੜੀ ਮੌਕੇ ਵਿਸ਼ਵ ਸ਼ਾਂਤੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਵਤਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੰਜੀਦਗੀ ਨਾਲ ਰੂਸ-ਯੂਕਰੇਨ ਯੁੱਧ ਵਿਚ ਸ਼ਾਂਤੀ ਬਣਾਉਣ ਲਈ ਅਹਿਮ ਰੋਲ ਅਦਾ ਕਰੇ। ਪ੍ਰਧਾਨ ਬਾਵਾ ਨੇ ਸੋਸ਼ਲ ਮੀਡੀਆ ’ਤੇ ਰੂਸੀ ਟੈਂਕ ਇਕ ਕਾਰ ਉੱਪਰ ਚੜ੍ਹਾਉਣ ਦੀ ਘਟਨਾ ਨੂੰ ਦਰਿੰਦਗੀ ਦੀ ਇੰਤਹਾ ਦੱਸਦਿਆਂ ਕਿਹਾ ਕਿ ਛੋਟੇ ਬੱਚਿਆਂ ਦਾ ਜ਼ਖ਼ਮੀ ਹੋਣਾ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਹਰ ਮਨੁੱਖ ਦੇਖ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਲੜਾਈ ਦੋਹਾਂ ਦੇਸ਼ਾਂ ਦੀ ਹੈ ਤੇ ਇਨ੍ਹਾਂ ਨੂੰ ਮਾਰਧਾੜ ਤੋਂ ਬਿਨਾਂ ਇਕ ਦੂਜੇ ਦੇਸ਼ ਉਪਰ ਮਨੁੱਖੀ ਜਾਨਾਂ ਦਾ ਨੁਕਸਾਨ ਕੀਤੇ ਬਿਨਾਂ ਕਬਜ਼ਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੰਘ ਦੀ ਦਖਲਅੰਦਾਜ਼ੀ ਦੀ ਵੀ ਮੰਗ ਕੀਤੀ ਹੈ।