ਪੱਤਰ ਪ੍ਰੇਰਕ
ਰਾਏਕੋਟ, 5 ਮਾਰਚ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਇਕਾਈ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਬੀਬੀਐੱਮਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦੇ ਮਾਮਲੇ ’ਚ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਗਈ ਅਤੇ ਇਸ ਸਬੰਧ ਵਿੱਚ 7 ਮਾਰਚ ਨੂੰ ਸਮੂਹ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਪ੍ਰੋਗਰਾਮ ਤਹਿਤ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਰਾਏਕੋਟ ਨਾਲ ਸਬੰਧਤ ਕਿਸਾਨ ਜੱਥੇਬੰਦੀਆਂ ਮੁੱਲਾਂਪੁਰ ਵਿੱਚ ਇੱਕਠੇ ਹੋਣਗੀਆਂ ਅਤੇ ਕਾਲੇ ਝੰਡੇ ਲੈ ਕੇ ਡੀਸੀ ਦਫਤਰ ਲੁਧਿਆਣਾ ਲਈ ਰਵਾਨਾ ਹੋਣਗੀਆਂ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸੂਬਿਆਂ ਦੇ ਹੱਕਾਂ ’ਤੇ ਡਾਕਾ ਮਾਰ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮੁੱਖ ਸਕੱਤਰ, ਕੁਲਵੰਤ ਸਿੰਘ ਬੁਲਾਰਾ, ਪ੍ਰਧਾਨ ਸਵਰਨਜੀਤ ਸਿੰਘ ਭੰਗੂ, ਪ੍ਰਧਾਨ ਚਮਕੌਰ ਸਿੰਘ ਸ਼ੀਲੋਆਣੀ, ਪ੍ਰਧਾਨ ਰਾਜਾ ਸਿੰਘ ਦੱਧਾਹੂਰ, ਪ੍ਰਧਾਨ ਮਨਦੀਪ ਸਿੰਘ ਫੇਰੂਰਾਈਂ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।