ਪੱਤਰ ਪ੍ਰੇਰਕ
ਦੋਰਾਹਾ, 2 ਜੂਨ
ਇੱਥੋਂ ਦੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ (ਪੱਪੂ) ਨੂੰ ਗੱਦੀਓਂ ਲਾਹੁਣ ਲਈ ਰੱਖੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਹੋ ਗਈ। ਜ਼ਿਕਰਯੋਗ ਹੈ ਕਿ ਦੋਰਾਹਾ ਦੇ 15 ਕੌਂਸਲਰਾਂ ਵਿੱਚੋਂ 12 ਕਾਂਗਰਸ ਨਾਲ ਸਬੰਧਤ ਹਨ ਅਤੇ ਪ੍ਰਧਾਨ ਵੀ ਕਾਂਗਰਸ ਦਾ ਹੈ, ਪਰ ਕਾਂਗਰਸੀ ਕੌਂਸਲਰਾਂ ਦੀ ਕਥਿਤ ਧੜੇਬੰਦੀ ਕਾਰਨ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ 10 ਕੌਂਸਲਰਾਂ ਨੇ ਪ੍ਰਧਾਨ ਨੂੰ ਲਾਹੁਣ ਲਈ ਬੇਭਰੋਸਗੀ ਦਾ ਨੋਟਿਸ ਦਿੱਤਾ ਸੀ, ਜਿਸ ਆਧਾਰ ’ਤੇ ਪ੍ਰਧਾਨ ਦੇ ਹੁਕਮਾਂ ਅਨੁਸਾਰ ਈਓ ਵੱਲੋਂ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ’ਚ ਵਿਧਾਇਕ ਤੋਂ ਇਲਾਵਾ ਰਣਜੀਤ ਸਿੰਘ, ਰਜਿੰਦਰ ਸਿੰਘ ਗਹੀਰ, ਹਰਨੇਕ ਸਿੰਘ ਨੇਕੀ, ਨਵਦੀਪ ਸਿੰਘ, ਕਿਰਨਜੀਤ ਕੌਰ ਮਾਂਗਟ, ਪ੍ਰਦੀਪ ਕੌਰ ਝੱਜ, ਸਰਬਜੀਤ ਸਿੰਘ, ਵਿਪਨ ਸੇਠੀ, ਦਲਵਿੰਦਰ ਕੌਰ, ਗੁਰਿੰਦਰ ਸਿੰਘ ਕਾਕਾ ਬਾਜਵਾ ਆਦਿ ਹਾਜ਼ਰ ਹੋਏ। ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ, ਸ਼ੀਲਾ ਰਾਣੀ, ਦਲਜੀਤ ਕੌਰ, ਰੁਚੀ ਸ਼ਰਮਾ, ਕੁਲਵੰਤ ਸਿੰਘ, ਪ੍ਰਿਆ ਸ਼ਰਮਾ ਕਿਸੇ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋਏ, ਜਿਸ ਕਾਰਨ ਮੀਟਿੰਗ ਰੱਦ ਕਰਨੀ ਪਈ। ਜਾਣਕਾਰੀ ਅਨੁਸਾਰ ਪ੍ਰਧਾਨ ਨੂੰ ਲਾਹੁਣ ਲਈ ਵਿਧਾਇਕ ਸਮੇਤ 10 ਕੌਂਸਲਰ ਹਾਜ਼ਰ ਸਨ ਜਦੋਂਕਿ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ 11 ਕੌਂਸਲਰਾਂ ਦੀ ਲੋੜ ਸੀ। ਕੌਂਸਲ ਦੇ ਈਓ ਸੁਖਦੇਵ ਸਿੰਘ ਨੇ ਦੱਸਿਆ ਕਿ ਕੋਰਮ ਪੂਰਾ ਨਾ ਹੋਣ ਕਾਰਨ ਮੀਟਿੰਗ ਰੱਦ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਮੰਗ ਕੀਤੀ ਕਿ ਮੀਟਿੰਗ ਦੁਬਾਰਾ ਬੁਲਾਈ ਜਾਵੇ।