ਪੱਤਰ ਪ੍ਰੇਰਕ
ਦੋਰਾਹਾ, 4 ਮਈ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ‘ਮਜ਼ਦੂਰ ਦਿਵਸ’ ਨੂੰ ਸਮਰਪਿਤ ਮਾਸਿਕ ਇਕੱਤਰਤਾ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਸਭਾ ਦੀ ਲਾਇਬ੍ਰੇਰੀ ਪਿੰਡ ਰਾਮਪੁਰ ਵਿੱਚ ਹੋਈ।
ਇਸ ਮੌਕੇ ਮੈਂਬਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ, ਦੇਸ਼ ਵਿਚ ਕਰੋਨਾ ਦੀ ਮੁੜ ਭਿਆਨਕ ਮਹਾਂਮਾਰੀ ਕਾਰਨ ਆਮ ਲੋਕਾਂ ਦੀ ਹਾਲਤ, ਪੀੜਤਾਂ ਨੂੰ ਸਾਹ ਲੈਣ ਲਈ ਆਕਸੀਜਨ ਗੈਸ ਦੀ ਚਿੰਤਾ ਨੂੰ ਛੱਡ ਕੇ ਦੇਸ਼ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਿਰਫ਼ ਰਾਜ-ਸੱਤਾ ਲਈ ਚੋਣ ਪ੍ਰਚਾਰ ਵਿਚ ਹੀ ਉਲਝੇ ਰਹਿਣ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੇਤੁਕੇ ਬਿਆਨ ਦੇਣੇ ਛੱਡ ਕੇ ਲੋਕ ਹਿੱਤ ਵਿੱਚ ਸਹੀ ਇਨਸਾਫਦਾਇਕ ਫੈਸਲੇ ਸਮਾਂ ਰਹਿੰਦੇ ਅਤੇ ਜਲਦੀ ਲਏ ਜਾਣ।
ਇਸ ਮੌਕੇ ਰਚਨਾਵਾਂ ਦੇ ਦੌਰ ਵਿੱਚ ਵਿਸ਼ਿਵੰਦਰ ਨੇ ‘ਚਾਨਣ’ ਕਵਿਤਾ, ਅਜ਼ਾਦ ਵਿਸਮਾਦ ਨੇ ‘ਮਿੱਤਰਾਂ ਦਾ ਸਾਹ ਰੁੱਕਦਾ’ (ਕਰੋਨਾ ਮਹਾਮਾਰੀ ਸਬੰਧੀ ਗੀਤ’, ਬਲਵੰਤ ਮਾਂਗਟ ਨੇ ‘ਦੇਵਤੇ’ ਕਹਾਣੀ, ਲਾਭ ਸਿੰਘ ਬੇਗੋਵਾਲ ਨੇ ‘ਏਸ ਬਾਗ ਵਿੱਚ ਆਇਆ ਸੀ ਫੁੱਲ ਚੁੱਗਣ ਦੀ ਖ਼ਾਤਰ ਮੈਂ’ ਗ਼ਜ਼ਲ, ਗੁਰਮੀਤ ਆਰਿਫ਼ ਨੇ ‘ਸੜੀ ਹੋਈ ਰੱਸੀ ਦਾ ਵੱਲ’ ਕਹਾਣੀ, ਹਰਬੰਸ ਮਾਲਵਾ ਨੇ ‘ਢੇਰੀ ਢਾਹੁੰਦੇ ਸੁਪਨਿਆਂ ਨੂੰ ਮੈਂ ਵਾਰ ਵਾਰ ਸਮਝਾਇਆ’, ਜਸਵੀਰ ਝੱਜ ਨੇ ‘ਮਨ ਕੀ ਬਾਤ’ ਕਵਿਤਾ ਪੜ੍ਹੀ। ਇਸ ਦੌਰਾਨ ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ’ਤੇ ਹਾਜ਼ਰੀਨ ਨੇ ਉਸਾਰੂ ਟਿੱਪਣੀਆਂ ਕੀਤੀਆਂ।