ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸੂਬਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪੰਜਾਬ ਬਾਕਸਿੰਗ ਅਕੈਡਮੀ ਦੇ ਮੁੱਕੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਿੰਡ ਚਕਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਚਕਰ ਦੇ 9 ਮੁੱਕੇਬਾਜ਼ਾਂ ਨੇ ਤਗ਼ਮੇ ਜਿੱਤੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਸੰਤ ਸੀਚੇਵਾਲ ਨੇ ਅੰਡਰ-14 ਵਿੱਚ ਸੋਨ ਤਗ਼ਮਾ ਜੇਤੂ ਸਿਮਰਨਜੀਤ ਕੌਰ ਅਤੇ ਅੰਡਰ-17 ਲੜਕੀਆਂ ਵਿੱਚ ਸੋਨ ਤਗ਼ਮਾ ਜੇਤੂ ਹਰਪ੍ਰੀਤ ਕੌਰ, ਚਾਂਦੀ ਦਾ ਤਗ਼ਮਾ ਜੇਤੂ ਜਸ਼ਨਪ੍ਰੀਤ ਸਿੰਘ, ਚਾਂਦੀ ਦਾ ਤਗ਼ਮਾ ਜੇਤੂ ਦਰੋਪਤੀ, ਜਗਵਿੰਦਰ ਸਿੰਘ ਸੋਨ ਤਗ਼ਮਾ, ਸੰਦੀਪ ਚਕਰੀਆ ਨੇ ਚਾਂਦੀ ਅਤੇ ਕਾਂਸੀ ਤਗ਼ਮਾ ਜੇਤੂ ਹਰਜੀਤ ਸਿੰਘ ਦਾ ਸਨਮਾਨ ਕੀਤਾ।ਸੋਨ ਤਗ਼ਮਾ ਜੇਤੂ ਮਨਦੀਪ ਕੌਰ ਸੰਧੂ ਅਤੇ ਹਰਪ੍ਰੀਤ ਕੌਰ ਸਿੱਧੂ ਦਾ ਵੀ ਸਨਮਾਨ ਹੋਇਆ। ਮੁੱਕੇਬਾਜ਼ਾਂ ਦਾ ਪਿੰਡ ਪਹੁੰਚਣ ’ਤੇ ਸਮਾਗਮ ਦੌਰਾਨ ਸਨਮਾਨ ਹੋਇਆ। ਸ੍ਰੀ ਸੀਚੇਵਾਲ ਨੇ ਪਿੰਡ ਚਕਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਚਕਰ ਦਾ ਖੇਡ ਸਭਿਆਚਾਰ ਸ਼ਲਾਘਾਯੋਗ ਹੈ।