ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿੱਚ ਕਰਵਾਏ ਜਾ ਰਹੇ ਚਾਰ ਰੋਜ਼ਾ ਅੰਤਰ ਕਾਲਜ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ (ਲੜਕੀਆਂ) ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਪਰਵਿੰਦਰ ਸਿੰਘ ਗਿੱਲ (ਯੂਐੱਸਏ), ਵਿਸ਼ੇਸ਼ ਮਹਿਮਾਨ ਰਜਿੰਦਰ ਸਿੰਘ ਗਿੱਲ, ਪ੍ਰਿੰਸੀਪਲ ਡਾ. ਰਜਿੰਦਰ ਕੌਰ, ਖੇਡ ਵਿਭਾਗ ਦੇ ਮੁਖੀ ਰਵਿਤਾ ਸੈਣੀ ਵੱਲੋਂ ਸੰਯੁਕਤ ਰੂਪ ਵਿਚ ਕੀਤਾ ਗਿਆ। ਟੂਰਨਾਮੈਂਟ ਦੌਰਾਨ ਅੱਜ ਚਾਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਪਹਿਲਾ ਮੁਕਾਬਲਾ ਸ੍ਰੀ ਰਾਮ ਕਾਲਜ ਡੱਲਾ ਅਤੇ ਐੱਸਯੂਐੱਸ ਪੀਯੂਸੀਸੀ ਗੁਰੂ ਹਰਿਸਹਾਇ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਸ੍ਰੀ ਰਾਮ ਕਾਲਜ ਡੱਲਾ ਜੇਤੂ ਰਿਹਾ। ਦੂਜਾ ਮੈਚ ਡੀਐੱਸਸੀ ਡਬਲਿਊ ਫਿਰੋਜ਼ਪੁਰ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਵਿਚਕਾਰ ਹੋਇਆ। ਇਸ ਵਿਚ ਫਿਰੋਜ਼ਪੁਰ ਦੀ ਟੀਮ ਜੇਤੂ ਰਹੀ। ਤੀਜੇ ਮੈਚ ਵਿਚ ਐੱਮਸੀਐੱਮ ਡੀਏਵੀ ਕਾਲਜ ਚੰਡੀਗੜ੍ਹ ਦੀ ਟੀਮ ਨੇ ਪੀਜੀਜੀ ਕਾਲਜ ਸੈਕਟਰ-11 ਚੰਡੀਗੜ੍ਹ ਨੂੰ ਹਰਾਇਆ। ਅਖੀਰਲਾ ਮੈਚ ਜੀਡੀਸੀ ਬਾਦਲ ਅਤੇ ਸ੍ਰੀ ਰਾਮ ਕਾਲਜ ਡੱਲਾ ਦੀ ਟੀਮ ਵਿਚਕਾਰ ਹੋਇਆ ਜਿਸ ’ਚ ਸ੍ਰੀ ਰਾਮ ਕਾਲਜ ਡੱਲਾ ਨੇ ਬਾਜੀ ਮਾਰੀ। ਇਸ ਮੌਕੇ ਮੁੱਖ ਮਹਿਮਾਨ ਪਰਵਿੰਦਰ ਸਿੰਘ ਗਿੱਲ (ਯੂ.ਐਸ.ਏ.), ਨੰਬਰਦਾਰ ਇਕਬਾਲ ਸਿੰਘ ਗਿੱਲ ਨੇ ਅਤੇ ਰਿਟਾ. ਸੂਬੇਦਾਰ ਗੁਰਦੇਵ ਸਿੰਘ ਮੱਲੀ ਨੇ ਕਾਲਜ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਮੁੱਖ ਮਹਿਮਾਨ ਪਰਵਿੰਦਰ ਸਿੰਘ ਗਿੱਲ (ਯੂ.ਐਸ.ਏ.) ਵੱਲੋਂ ਖੇਡਾਂ ਵਿਚ ਹਿੱਸਾ ਲੈਣ ਲਈ ਕਾਲਜ ਪਹੁੰਚੀਆਂ 13 ਟੀਮਾਂ ਨੂੰ ਪ੍ਰਤੀ ਟੀਮ ਵੀ ਇਨਾਮ ਵਜੋਂ ਰਾਸ਼ੀ ਦਿੱਤੀ ਗਈ। ਇਸ ਮੌਕੇ ਸੀਨੀਅਰ ਅਸਿਸਟੈਂਟ ਡਾਇਰੈਕਟੋਰੇਟ ਆਫ ਸਪੋਰਟਸ ਹੰਸ ਰਾਜ, ਸਰਪੰਚ ਨਰਿੰਦਰਪਾਲ ਸਿੰਘ, ਲਖਵੀਰ ਸਿੰਘ, ਪੰਚ ਹਰਵਿੰਦਰ ਸਿੰਘ, ਜਸਵੀਰ ਸਿੰਘ, ਡਾ. ਮੁਖਤਿਆਰ ਸਿੰਘ, ਗੁਰਚਰਨ ਸਿੰਘ ਚੌਹਾਨ ਵੀ ਹਾਜ਼ਰ ਸਨ।