ਗਗਨਦੀਪ ਅਰੋੜਾ
ਲੁਧਿਆਣਾ, 12 ਅਕਤੂਬਰ
ਨਗਰ ਨਿਗਮ ਦਫ਼ਤਰ ਜ਼ੋਨ ਸੀ ਵਿੱਚ ਅਚਨਚੇਤ ਮੇਅਰ ਬਲਕਾਰ ਸੰਧੂ ਨੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕਰਨ ਲਈ ਸਵੇਰੇ 9 ਵਜੇ ਤੋਂ ਪਹਿਲਾਂ ਛਾਪਾ ਮਾਰ ਦਿੱਤਾ। ਛਾਪੇ ਦੌਰਾਨ ਵੱਡੀ ਗਿਣਤੀ ’ਚ ਮੁਲਾਜ਼ਮ ਗੈਰਹਾਜ਼ਰ ਮਿਲੇ। ਮੇਅਰ ਕਰੀਬ ਇੱਕ ਘੰਟਾ ਦਫ਼ਤਰ ਬਾਹਰ ਹੀ ਗੇਟ ਸਾਹਮਣੇ ਕੁਰਸੀ ਲਗਾ ਕੇ ਬੈਠ ਗਏ ਤੇ ਲੇਟ ਆਉਣ ਵਾਲੇ ਮੁਲਾਜ਼ਮਾਂ ਦੀ ਚੰਗੀ ਕਲਾਸ ਲਗਾਈ। ਮੇਅਰ ਨੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਲੇ ਛਾਪੇ ’ਤੇ ਇਸੇ ਤਰ੍ਹਾਂ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸਾਰੇ ਮੁਲਾਜ਼ਮਾਂ ਨੂੰ ਚਿਤਾਵਨੀ ਨੋਟਿਸ ਵੀ ਜਾਰੀ ਕੀਤਾ।
ਮੇਅਰ ਬਲਕਾਰ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਕਰਮਚਾਰੀਆਂ ਤੇ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ 9 ਵਜੇ ਆਪਣੇ-ਆਪਣੇ ਦਫ਼ਤਰਾਂ ’ਚ ਪੁੱਜ ਜਾਣ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਜ਼ੋਨ-3 ਦਫ਼ਤਰ ’ਚ ਮੁਲਾਜ਼ਮਾਂ ਦੇ ਦੇਰ ਨਾਲ ਆਉਣ ਦੀ ਸੂਚਨਾ ਉਨ੍ਹਾਂ ਕੋਲ ਸੀ, ਇਸ ਲਈ ਉਨ੍ਹਾਂ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ 9 ਵਜੇ ਗਿਣੇ ਚੁਣੇ ਅਧਿਕਾਰੀ ਹੀ ਦਫ਼ਤਰ ਪੁੱਜੇ। ਉਨ੍ਹਾਂ ਤੋਂ ਬਾਕੀ ਮੁਲਾਜ਼ਮਾਂ ਦੇ ਬਾਰੇ ’ਚ ਵੀ ਜਾਣਕਾਰੀ ਲਈ ਗਈ ਤਾਂ ਕਈ ਮੁਲਾਜ਼ਮ ਬਿਨਾਂ ਦੱਸੇ ਹੀ ਛੁੱਟੀ ’ਤੇ ਚਲੇ ਗਏ। ਮੇਅਰ ਸੰਧੂ ਨੇ ਦੱਸਿਆ ਕਿ ਜ਼ੋਨਲ ਕਮਿਸ਼ਨਰ ਤੋਂ ਸਾਰੇ ਮੁਲਾਜ਼ਮਾਂ ਦੀ ਜਾਣਕਾਰੀ ਮੰਗੀ ਹੈ ਤੇ ਉਨ੍ਹਾਂ ਨੂੰ ਵਾਰਨਿੰਗ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਮੇਅਰ ਨੇ ਦੱਸਿਆ ਕਿ ਅੱਗੇ ਵੀ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗਾ। ਮੇਅਰ ਨੇ ਦੱਸਿਆ ਕਿ ਅਫਸਰਾਂ ਤੋਂ ਹਾਜ਼ਰੀ ਦੀ ਕ੍ਰਾਸ ਚੈਕਿੰਗ ਵੀ ਕਰਵਾਈ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਆਸ਼ੂ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵੀ ਹਾਜ਼ਰੀ ਚੈੱਕ ਕਰ ਚੁੱਕੇ ਹਨ।