ਪੱਤਰ ਪ੍ਰੇਰਕ
ਪਾਇਲ, 6 ਜੁਲਾਈ
ਮੱਤੇਵਾੜਾ ਜੰਗਲ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਇੰਡਸਟਰੀ ਪਾਰਕ ਬਣਾਉਣ ਦਾ ਮੁੱਦਾ ਪਿਛਲੇ ਕਾਫੀ ਦਿਨਾਂ ਤੋਂ ਅਖ਼ਬਾਰਾਂ ਵਿੱਚ ਛਾਇਆ ਹੋਇਆ ਹੈ। ਇਸ ਸਬੰਧੀ ਸੰਤ ਦਰਸ਼ਨ ਸਿੰਘ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਹਬਿ ਮਕਸੂਦੜਾ ਵਾਲਿਆਂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੀ ਧਰਤੀ ’ਤੇ ਉਦਯੋਗ ਸਥਾਪਤ ਕਰ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਸ਼ਲਾਘਾਯੋਗ ਕਦਮ ਹੈ ਪਰ ਇਹ ਉਦਯੋਗ ਜੰਗਲਾਂ ਜਾਂ ਦਰਿਆਵਾਂ ਦੇ ਨਜ਼ਦੀਕ ਨਾ ਸਥਾਪਤ ਕੀਤੇ ਜਾਣ ਜਿਸ ਨਾਲ ਉਦਯੋਗਾਂ ਦਾ ਜ਼ਹਿਰੀਲਾ ਪਾਣੀ ਜੰਗਲਾਂ ਜਾਂ ਦਰਿਆਵਾਂ ਨੂੰ ਪ੍ਰਭਾਵਿਤ ਕਰੇ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਤੇਵਾੜਾ ਦਾ ਜੰਗਲ ਜੋ ਪੰਛੀਆਂ, ਜਾਨਵਰਾਂ ਦਾ ਰੈਣ ਬਸੇਰਾ ਹੈ, ਨੂੰ ਹਰ ਹੀਲੇ ਬਚਾਇਆ ਜਾਵੇ ਅਤੇ ਸਤਲੁਜ ਦਰਿਆ ਨੂੰ ਵੀ ਉਸੇ ਤਰ੍ਹਾਂ ਕੁਦਰਤੀ ਰੂਪ ਵਿੱਚ ਸਾਂਭ ਕੇ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ।
ਬੰਦ ਉਦਯੋਗਿਕ ਇਕਾਈਆਂ ਮੁੜ ਚਾਲੂ ਕਰੇ ਸਰਕਾਰ: ਇਕੋਲਾਹਾ
ਖੰਨਾ: ਰੇਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੂਬਾ ਸਕੱਤਰ ਕਾ. ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਸਨਅਤੀ ਪਾਰਕ ਬਣਾਉਣ ਦੀ ਥਾਂ ਸਰਕਾਰ, ਪੰਜਾਬ ਅੰਦਰ ਬੰਦ ਪਈਆਂ ਉਦਯੋਗਿਕ ਇਕਾਈਆਂ ਨੂੰ ਮੁੜ ਚਾਲੂ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੱਤੇਵਾੜਾ ਜੰਗਲ ਨੂੰ ਉਜਾੜਨ ਦੇ ਰਾਹ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪਹਿਲਾਂ ਤੋਂ ਬੰਦ ਪਈਆਂ ਸਨਅਤਾਂ ਨੂੰ ਮੁੜ ਚਲਾਇਆ ਜਾ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ