ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਬੀਤੇ ਐਤਵਾਰ ਪਬਲਿਕ ਐਕਸ਼ਨ ਕਮੇਟੀ ਵੱਲੋਂ ਮੱਤੇਵਾੜਾ ਵਿੱਚ ਇਕੱਠੇ ਹੋਣ ਦੇ ਸੱਦੇ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਅੱਜ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਨੇ ਮੱਤੇਵਾੜਾ ਜੰਗਲ ਅਤੇ ਸਤਲੁਜ ਨੇੜੇ ਟੈਕਸਟਾਇਲ ਪਾਰਕ ਲਗਾਉਣ ਦਾ ਪ੍ਰਾਜੈਕਟ ਰੱਦ ਕਰ ਦਿੱਤਾ ਹੈ। ਇਹ ਸੁਣਦਿਆਂ ਹੀ ਸਾਰੇ ਵਾਤਾਵਰਨ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਮੁੱਖ ਮੰਤਰੀ ਨੂੰ ਮਿਲੇ ਕਮੇਟੀ ਮੈਂਬਰਾਂ ਵਿੱਚ ਕਰਨਲ ਸੀਐਮ ਲਖਨਪਾਲ, ਮਨਿੰਦਰਜੀਤ ਸਿੰਘ, ਕਪਿਲ ਅਰੋੜਾ, ਜਸਕੀਰਤ ਸਿੰਘ, ਐਮਐਸ ਸੇਖੋਂ, ਡਾ. ਅਮਨਦੀਪ ਸਿੰਘ ਬੈਂਸ, ਰਣਜੋਧ ਸਿੰਘ ਅਤੇ ਕੁਲਦੀਪ ਸਿੰਘ ਖਹਿਰਾ ਸ਼ਾਮਲ ਸਨ। ਕਮੇਟੀ ਮੈਂਬਰ ਕੁਲਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਹ ਪੂਰਾ ਮਨ ਬਣਾ ਕੇ ਮੀਟਿੰਗ ’ਚ ਗਏ ਸਨ ਕਿ ਜੇ ਸਰਕਾਰ ਨੇ ਪ੍ਰਾਜੈਕਟ ਰੱਦ ਨਾ ਕੀਤਾ ਤਾਂ ਉਹ ਸਿੱਧੇ ਮੋਰਚੇ ਵਾਲੀ ਥਾਂ ’ਤੇ ਹੀ ਜਾਣਗੇ। ਮੀਟਿੰਗ ਦੌਰਾਨ ਕਮੇਟੀ ਨੇ ਆਪਣਾ ਪੱਖ ਮੁੱਖ ਮੰਤਰੀ ਸਾਹਮਣੇ ਰੱਖਿਆ ਜਿਸ ’ਤੇ ਉਨ੍ਹਾਂ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਪ੍ਰਾਜੈਕਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਦੂਜੇ ਪਾਸੇ ਅੱਜ ਟੈਕਸਟਾਇਲ ਪ੍ਰੋਜੈਕਟ ਰੱਦ ਹੁੰਦਿਆਂ ਹੀ ਸ਼ੋਸ਼ਲ ਮੀਡੀਆ ’ਤੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਪਬਲਿਕ ਐਕਸ਼ਨ ਕਮੇਟੀ ਮੈਂਬਰਾਂ ਨੂੰ ਵਧਾਈਆਂ ਮਿਲਣ ਦਾ ਦੌਰ ਸ਼ੁਰੂ ਹੋ ਗਿਆ। ਕਮੇਟੀ ਮੈਂਬਰਾਂ ਨੇ ਵੀ ਆਪੋ ਆਪਣੇ ਫੇਸਬੁਕ, ਵੱਟਸਐੱਪ ਗਰੁੱਪਾਂ ਰਾਹੀਂ ਇਸ ਸੰਘਰਸ਼ ਨੂੰ ਨੇਪਰੇ ਚਾੜ੍ਹਨ ਵਾਲਿਆਂ ਦਾ ਧੰਨਵਾਦ ਕੀਤਾ।
ਜਨਤਕ ਰੋਹ ਤੇ ਲੋਕ ਸ਼ਕਤੀ ਨੇ ਰੋਕਿਆ ਮੱਤੇਵਾੜਾ ਦਾ ਉਜਾੜਾ: ਧਨੇਰ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਮੱਤੇਵਾੜਾ ਜੰਗਲ ਦਾ ਉਜਾੜਾ ਜਨਤਕ ਰੋਹ ਤੇ ਲੋਕ ਸ਼ਕਤੀ ਨੇ ਰੋਕਿਆ ਹੈ। ਧਨੇਰ ਨੇ ਕਿਹਾ ਕਿ ਸਾਂਝੇ ਲੋਕ ਸੰਘਰਸ਼ ਹੀ ਜਿੱਤ ਦਾ ਰਸਤਾ ਹਨ। ਇਹ ਧਾਰਨਾ ਦਿੱਲੀ ਅੰਦੋਲਨ ਨੇ ਸਥਾਪਤ ਕੀਤੀ ਸੀ ਅਤੇ ਹੁਣ ਮੱਤੇਵਾੜਾ ਸੰਘਰਸ਼ ਨੇ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ’ਚ ਬੀਤੇ ਸਮੇਂ ’ਚ ਸਰਕਾਰ ਦੀਆਂ ਕਾਰਪੋਰੇਟੀ ਨੀਤੀਆਂ ਕਾਰਨ ਜੰਗਲ ਵੱਡੇ ਪੱਧਰ ’ਤੇ ਵੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਉਨ੍ਹਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਪਾਣੀ ਅਤੇ ਵਾਤਾਵਰਣ ਦੇ ਮਹੱਤਵਪੂਰਨ ਮਸਲੇ ’ਤੇ ਸਰਕਾਰ ਤੋਂ ਠੋਸ ਨੀਤੀ ਬਨਾਉਣ ਦੀ ਮੰਗ ਲਈ ਅੰਦੋਲਨ ਛੇੜਨ ਜਾ ਰਹੀ ਹੈ।