ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਮਈ
ਪੰਜਾਬ ਪੁਲੀਸ ’ਚੋਂ ਸੇਵਾਮੁਕਤ ਹੋਏ ਥਾਣੇਦਾਰ ਜਗਦੇਵ ਸਿੰਘ ਸਿੱਧੂ ਨੇ ਅਥਲੈਟਿਕਸ ’ਚ ਮੱਲਾਂ ਮਾਰੀਆਂ ਹਨ। ਤਾਮਿਲਨਾਡੂ ਅਤੇ ਬੰਗਲੌਰ ’ਚ ਵੱਡੀ ਉਮਰ ਦੇ ਖਿਡਾਰੀਆਂ ਦੀਆਂ ਮਾਸਟਰਜ਼ ਗੇਮਜ਼ ’ਚ ਉਨ੍ਹਾਂ ਕੁੱਲ 6 ਤਗ਼ਮੇ ਜਿੱਤੇ ਹਨ। ਇਨ੍ਹਾਂ ’ਚੋਂ ਚਾਰ ਸੋਨੇ ਦੇ ਤਗ਼ਮੇ ਸ਼ਾਮਲ ਹਨ। ਇਨ੍ਹਾਂ ਜਿੱਤਾਂ ਸਦਕਾ ਉਨ੍ਹਾਂ ਨੂੰ ਅਗਲੇ ਮਹੀਨੇ ਫਿਨਲੈਂਡ ’ਚ ਹੋਣ ਵਾਲੀਆਂ ਵੱਡੀ ਉਮਰ ਦੇ ਖਿਡਾਰੀਆਂ ਦੀਆਂ ਖੇਡਾਂ ’ਚ ਦਾਖ਼ਲਾ ਮਿਲਿਆ ਹੈ ਜਿਸ ਦੀ ਉਨ੍ਹਾਂ ਤਿਆਰੀ ਵਿੱਢ ਦਿੱਤੀ ਹੈ।
ਤਾਮਿਲਨਾਡੂ ਤੋਂ ਤਗ਼ਮੇ ਜਿੱਤ ਕੇ ਮੁੜੇ ਜਗਦੇਵ ਸਿੱਧੂ ਨੇ ਦੱਸਿਆ ਕਿ ਉਨ੍ਹਾਂ 200 ਅਤੇ 400 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗ਼ਮਾ ਜਿੱਤਿਆ। 300 ਮੀਟਰ ਹਰਡਲ ਦੌੜ ’ਚ ਵੀ ਤਗ਼ਮਾ ਫੁੰਡਿਆ।
ਇਸੇ ਤਰ੍ਹਾਂ ਬੰਗਲੌਰ ਦੇ ਜੈ ਪ੍ਰਕਾਸ਼ ਨਰਾਇਣ ਸੈਂਟਰ ’ਚ ਪਹਿਲੀ ਵਾਰ ਪੈਨ ਇੰਡੀਆ ਮਾਸਟਰ ਗੇਮਜ਼ ’ਚ ਵੀ ਉਨ੍ਹਾਂ ਤਿੰਨ ਤਗ਼ਮੇ ਜਿੱਤੇ। ਉਨ੍ਹਾਂ ਇੱਥੇ 200 ਮੀਟਰ ਅਤੇ 300 ਮੀਟਰ ਦੌੜ ’ਚ ਸੋਨ ਤਗ਼ਮੇ ਜਿੱਤੇ ਜਦਕਿ ਸੌ ਮੀਟਰ ਹਰਡਲ ਦੌੜ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਜਗਦੇਵ ਸਿੱਧੂ ਨੇ ਦੱਸਿਆ ਕਿ ਅਗਲੇ ਮਹੀਨੇ ਫਿਨਲੈਂਡ ’ਚ ਹੋਣ ਵਾਲੀਆਂ ਖੇਡਾਂ ’ਚ ਹਿੱਸਾ ਲੈਣ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ।