ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਵੱਲੋਂ ਨੇੜਲੇ ਪਿੰਡ ਸਵੱਦੀ ਕਲਾਂ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਵਿੱਚ ਸਿੱਖ ਲਹਿਰ ਦੇ ਮਹਾਨ ਯੋਧੇ ਤੇ ਪੰਜਾਬੀ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਢਾਡੀ ਕਮਲ ਸਿੰਘ ਬੱਦੋਵਾਲ ਅਤੇ ਸਾਥੀਆਂ ਨੇ ਸਿੱਖ ਇਤਿਹਾਸ ਦੇ ਢੁੱਕਵੇਂ ਪ੍ਰਸੰਗਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਇਤਿਹਾਸ ’ਤੇ ਕੇਂਦਰਤ ਸਿੱਖਿਆਦਾਇਕ ਤੇ ਜੋਸ਼ ਭਰਪੂਰ ਢਾਡੀ ਵਾਰਾਂ ਪੇਸ਼ ਕਰ ਕੇ ਸੰਗਤਾਂ ਨੂੰ ਚੇਤੰਨ ਕੀਤਾ।
ਇਸ ਮੌਕੇ ਹਾਜ਼ਰ ਬੁਲਾਰਿਆਂ ਗੁਰਮੇਲ ਸਿੰਘ ਕੁਲਾਰ, ਨੰਬਰਦਾਰ ਮਨਮੋਹਣ ਸਿੰਘ ਪੰਡੋਰੀ, ਜਥੇਦਾਰ ਰਣਜੀਤ ਸਿੰਘ ਗੁੜੇ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ, ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖ ਲਹਿਰ ਦੇ ਜਰਨੈਲ ਥਾਪੇ ਜਾਣ, ਜ਼ਾਲਮ ਮੁਗਲ ਰਾਜ ਦੀ ਜੜ੍ਹ ਪੁੱਟਣ ਲਈ ਜੰਗਾਂ ਯੁੱਧਾਂ ’ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਨਾਮੱਤੀ ਭੂਮਿਕਾ, ਦੁਸ਼ਮਣ ਨੂੰ ਦਿੱਤੀਆਂ ਮਿਸਾਲੀ ਸਜ਼ਾਵਾਂ, ਪਹਿਲੇ ਖਰੇ ਅਤੇ ਸੱਚੇ-ਸੁੱਚੇ ਸਿੱਖ ਰਾਜ ਦੀ ਸਥਾਪਨਾ, ਪੰਜਾਬ ਦੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਬੇਮਿਸਾਲ ਤਿਆਗ ਅਤੇ ਕੁਰਬਾਨੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਵਾਈ