ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸ਼ਹੀਦ ਨੌਜਵਾਨ ਕਿਸਾਨ ਬਲਕਰਨ ਸਿੰਘ ਸੰਧੂ (ਮਿੱਠੂ) ਦੀ ਯਾਦਗਾਰ ਅੱਜ ਉਸ ਦੇ ਜੱਦੀ ਪਿੰਡ ਲੋਧੀਵਾਲ ਵਿੱਚ ਸਥਾਪਤ ਕੀਤੀ ਗਈ। ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬੱਸ ਅੱਡੇ ਨੇੜੇ ਇਹ ਯਾਦਗਾਰ ਬਣਾਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸਮੇਤ ਹੋਰਨਾਂ ਜਥੇਬੰਦੀਆਂ ਦੇ ਆਗੂ ਯਾਦਗਾਰ ਦੇ ਰਸਮੀ ਉਦਘਾਟਨ ਲਈ ਪਹੁੰਚੇ ਹੋਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ 15 ਮਾਰਚ ਨੂੰ ਸ਼ਹੀਦ ਹੋਏ ਬਲਕਰਨ ਸੰਧੂ (22) ਦੇ ਪਰਿਵਾਰ ਨੂੰ ਹਾਲੇ ਤੱਕ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਜਥੇਬੰਦੀਆਂ ਉਸੇ ਦਿਨ ਤੋਂ ਪਰਿਵਾਰ ਲਈ ਆਰਥਿਕ ਸਹਾਇਤਾ ਅਤੇ ਇਕ ਪਰਿਵਾਰਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੀਆਂ ਹਨ। ਯਾਦ ਰਹੇ ਕਿ ਦਿੱਲੀ ਬਰੂਹਾਂ ’ਤੇ ਚੱਲਦੇ ਕਿਸਾਨ ਸੰਘਰਸ਼ ਮੋਰਚੇ ’ਚ ਲੱਕੜਾਂ ਅਤੇ ਹੋਰ ਸਮੱਗਰੀ ਲਿਜਾਂਦੇ ਸਮੇਂ ਨੌਜਵਾਨ ਕਿਸਾਨ ਬਲਕਰਨ ਸਿੰਘ ਸੰਧੂ ਸ਼ਹੀਦ ਹੋ ਗਿਆ ਸੀ।
ਮੋਰਚੇ ਵਿੱਚ ਨਵਾਂ ਜੋਸ਼ ਭਰਨ ਲਈ ਭਲਕੇ ਕਾਫ਼ਲੇ ਦਿੱਲੀ ਜਾਣਗੇ: ਗਿਆਸਪੁਰਾ
ਸਮਰਾਲਾ (ਪੱਤਰ ਪ੍ਰੇਰਕ): ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਨਵਾਂ ਜੋਸ਼ ਭਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਜਾਣ ਲਈ ਤਿਆਰੀ ਵਿੱਚ ਜੁੱਟ ਗਏ ਹਨ। ਅੱਜ ਇਥੇ ਵੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਘੁਲਾਲ ਟੌਲ ਪਲਾਜ਼ਾ ’ਤੇ ਹੋਈ ਮੀਟਿੰਗ ਦੀ ਅਗਵਾਈ ਕਰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸੱਕਤਰ ਹਰਦੀਪ ਸਿੰਘ ਗਿਆਸਪੁਰਾ ਨੇ 10 ਮਈ ਨੂੰ ਕਿਸਾਨਾਂ ਦੇ ਕਾਫ਼ਲੇ ਦਿੱਲੀ ਲਈ ਤੋਰਨ ਦੀ ਰੂਪ-ਰੇਖਾ ਦਾ ਐਲਾਨ ਕੀਤਾ। ਸ੍ਰੀ ਗਿਆਸਪੁਰਾ ਨੇ ਦੱਸਿਆ ਕਿ ਹਰ ਪਿੰਡ ਨੂੰ ਟਰੈਕਟਰ-ਟਰਾਲੀ ਤਿਆਰ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਅਤੇ 10 ਮਈ ਨੂੰ ਇੱਕ ਬਹੁਤ ਵੱਡਾ ਕਿਸਾਨ ਕਾਫ਼ਲਾ ਪਹਿਲਾ ਸ਼ੰਭੂ ਬੈਰੀਅਰ ’ਤੇ ਪਹੁੰਚੇਗਾ ਤੇ ਉਥੋਂ ਅੱਗੇ ਦਿੱਲੀ ਲਈ ਰਵਾਨਾ ਹੋਵੇਗਾ। ਇਸ ਤੋਂ ਪਹਿਲਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪੰਜਾਬ ਦੇ ਮੁੱਖ ਬੁਲਾਰੇ ਗੁਰਿੰਦਰ ਸਿੰਘ ਭੰਗੂ ਨੇ ਆਖਿਆ ਕਿ ਕਰੋਨਾ ਦੀ ਆੜ ਵਿੱਚ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਉਸ ਦੇ ਟਾਕਰੇ ਲਈ ਪੰਜਾਬ ਭਰ ਦੇ ਕਿਸਾਨ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਗੇ।