ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 25 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਗ੍ਰਹਿਣ ਕਰਨ ਵਿਰੁੱਧ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਕੋਟ ਆਗਾ ਵਿੱਚ ਪੱਕਾ ਮੋਰਚਾ ਦੋ ਮਹੀਨੇ ਪਾਰ ਕਰ ਗਿਆ ਹੈ। ਪੱਕੇ ਮੋਰਚੇ ਦੇ 61ਵੇਂ ਦਿਨ ਵੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ ਵਿਚ ਅੱਜ ਦੋਰਾਹਾ ਬਲਾਕ ਦੇ ਕਿਸਾਨਾਂ-ਮਜ਼ਦੂਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਬਲਦੇਵ ਸਿੰਘ ਵੜੈਚ ਨੇ ਕਿਹਾ ਕਿ ਜ਼ਮੀਨਾਂ ’ਤੇ ਜਬਰੀ ਕਬਜ਼ੇ ਨਹੀਂ ਹੋਣ ਦਿਆਂਗੇ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਚਰਨਜੀਤ ਸਿੰਘ ਫੱਲੇਵਾਲ, ਯੁਵਰਾਜ ਸਿੰਘ ਘੁਡਾਣੀ, ਜਸਵੰਤ ਸਿੰਘ ਭੱਟੀਆਂ, ਪ੍ਰਧਾਨ ਜਸਵੀਰ ਸਿੰਘ ਕੋਟ ਆਗਾ ਅਤੇ ਸੁਦਾਗਰ ਸਿੰਘ ਜੁੜਾਹਾਂ ਨੇ ਯੋਗ ਮੁਆਵਜ਼ਾ ਲਏ ਬਿਨਾਂ ਜ਼ਮੀਨਾਂ ਦਾ ਇੱਕ ਇੰਚ ਵੀ ਕੰਪਨੀਆਂ ਅਤੇ ਸਰਕਾਰਾਂ ਨੂੰ ਨਾ ਦੇਣ ਦੀ ਪ੍ਰਤੀਬੱਧਤਾ ਪ੍ਰਗਟਾਈ ਅਤੇ ਅਖੀਰਲੇ ਦਮ ਤੱਕ ਲੜਾਈ ਦੇ ਮੈਦਾਨ ਵਿਚ ਡਟੇ ਰਹਿਣ ਦਾ ਅਹਿਦ ਲਿਆ। ਇਸ ਮੌਕੇ ਰਣਜੀਤ ਕੌਰ ਕਾਲਖ, ਹਰਪ੍ਰੀਤ ਕੌਰ, ਅਮਰਜੀਤ ਕੌਰ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਲੰਗਰ ਦੀ ਸੇਵਾ ਪਿੰਡ ਬਹਿਲੋਲਪੁਰ ਦੀ ਸੰਗਤ ਵੱਲੋਂ ਕੀਤੀ ਗਈ।