ਦੇਵਿੰਦਰ ਸਿੰਘ ਜੱਗੀ
ਪਾਇਲ, 10 ਮਾਰਚ
ਵਿਧਾਨ ਸਭਾ ਹਲਕਾ ਪਾਇਲ ਤੋਂ ‘ਆਪ’ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਹੋਈ ਸ਼ਾਨਾਮੱਤੀ ਜਿੱਤ ਦੀ ਖੁਸ਼ੀ ਵਿੱਚ ਆਪ ਵਰਕਰਾਂ ਵੱਲੋਂ ਭੰਗੜੇ ਪਾਏ, ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਕਿਹਾ,‘‘ਸੂਬੇ ਦੇ ਲੋਕਾਂ ਨੇ 74 ਸਾਲ ਰਾਜ ਕਰਨ ਵਾਲੀਆਂ ਦੋ ਅਕਾਲੀ ਤੇ ਕਾਂਗਰਸ ਪਾਰਟੀਆਂ ‘ਉੱਤਰ ਕਾਟੋ ਮੈਂ ਚੜਾਂ’ ਦੀ ਵਾਰੀ ਨੂੰ ਖਤਮ ਕਰਕੇ ਆਪ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ।
ਉਨ੍ਹਾਂ ਕਿਹਾ ਕਿ ਹਲਕਾ ਪਾਇਲ ਦੇ ਸਮੂਹ ਵੋਟਰਾਂ, ਵਾਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜ ਸਾਲ ਲੋਕਾਂ ਦਾ ਵੋਟਾਂ ਪਾ ਕੇ ਚੜ੍ਹਾਇਆ ਕਰਜ਼ਾ ਤਿੱਲ ਤਿੱਲ ਕਰਕੇ ਮੋੜਨਗੇ। ਗਿਆਸਪੁਰਾ ਨੇ ਕਿਹਾ ਕਿ ਹਲਕਾ ਪਾਇਲ ਅੰਦਰ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਾਮੱਤੀ ਜਿੱਤ ਦਾ ਸਿਹਰਾ ਸਮੂਹ ਵਰਕਰਾਂ ਨੂੰ ਜਾਂਦਾ ਹੈ। ਹਲਕਾ ਪਾਇਲ ਅੰਦਰ ‘ਆਪ’ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ 33009 ਦੇ ਫਰਕ ਨਾਲ ਜੇਤੂ ਰਹੇ ਜਦੋਂ ਕਿ ਗਿਆਸਪੁਰਾ ਨੂੰ ਕੁੱਲ 63633 ਵੋਟਾਂ ਪਈਆਂ।
ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਨੂੰ 30,624 ਵੋਟਾਂ, ਅਕਾਲੀ-ਬਸਪਾ ਗੱਠਜੋੜ ਦੇ ਡਾ.ਜਸਪ੍ਰੀਤ ਸਿੰਘ ਬੀਜਾ ਨੂੰ 20,648 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰਾਮਪਾਲ ਸਿੰਘ ਦੌਲਤਪੁਰ ਨੂੰ 5,687 ਵੋਟਾਂ, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਕਾਲੀ ਨੂੰ 217 ਵੋਟਾਂ ਪ੍ਰਾਪਤ ਹੋਈਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਗਿਆਸਪੁਰਾ ਦੀ ਜਿੱਤ ਦੀ ਖੁਸ਼ੀ ਵਿੱਚ ਪੂਰੇ ਹਲਕੇ ਦੇ ਪਿੰਡਾਂ ਸ਼ਹਿਰਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ।
ਦੋਰਾਹਾ ’ਚ ਗਿਆਸਪੁਰਾ ਦਾ ਭਰਵਾਂ ਸਵਾਗਤ
ਦੋਰਾਹਾ(ਪੱਤਰ ਪ੍ਰੇਰਕ): ਹਲਕਾ ਪਾਇਲ (ਰਿਜ਼ਰਵ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਦੁਪਹਿਰ ‘ਆਪ’ ਸਮਰਥਕਾਂ ਨੇ ਜਿੱਥੇ ਲੱਡੂ ਵੰਡੇ ਤੇ ਭੰਗੜੇ ਪਾਏ ਉੱਥੇ ਇਕ ਵਿਸ਼ਾਲ ਜੇਤੂ ਜਲੂਸ ਕੱਢਿਆ ਗਿਆ। ਜਿਸ ਵਿਚ ਅਨੇਕਾਂ ਬੈਂਕ ਵਾਜੇ ਤੇ ਢੋਲ ਵਾਲੇ ਵੀ ਸ਼ਾਮਲ ਸਨ। ਇਹ ਜਲੂਸ ਦੋਰਾਹਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੋ ਕੇ ਲੰਘਿਆ, ਅਨੇਕਾਂ ਦੁਕਾਨਦਾਰਾਂ ਨੇ ਗਿਆਸਪੁਰਾ ਨੂੰ ਸਿਰੋਪਾਓ ਤੇ ਹਾਰ ਪਾਏ ਅਤੇ ਵਧਾਈਆਂ ਦਿੱਤੀਆਂ। ਇਹ ਜਲੂਸ ਪਿੰਡ ਰਾਮਪੁਰ, ਬੇਗੋਵਾਲ, ਕਟਾਣਾ ਸਾਹਿਬ, ਮੱਲ੍ਹੀਪੁਰ, ਅੜੈਚਾਂ ਤੇ ਹੋਰ ਕਈ ਪਿੰਡਾਂ ਵਿਚੋਂ ਲੰਘਿਆ ਜਿਥੇ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ।